IPL 2020 : ਹੈਦਰਾਬਾਦ ਨੇ ਦਿੱਲੀ ਨੂੰ 15 ਦੌੜਾਂ ਨਾਲ ਹਰਾਇਆ

737
Share

ਆਬੂ ਧਾਬੀ, 29 ਸਤੰਬਰ (ਪੰਜਾਬ ਮੇਲ)- ਫਿਰਕੀ ਦੇ ਫਨਕਾਰ ਰਾਸ਼ਿਦ ਖਾਨ ਦੀ ਅਗਵਾਈ ਵਿਚ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਸਨਰਾਈਜ਼ਰਜ਼ ਹੈਦਰਾਬਾਦ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚ ਵਿਚ ਮੰਗਲਵਾਰ ਨੂੰ ਦਿੱਲੀ ਕੈਪੀਟਲ ਨੂੰ 15 ਦੌੜਾਂ ਨਾਲ ਹਰਾ ਕੇ ਇਸ ਸੈਸ਼ਨ ਵਿਚ ਪਹਿਲੀ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਦੋਵੇਂ ਮੈਚ ਹਾਰ ਚੁੱਕੀ ਸਨਰਾਈਜ਼ਰਜ਼ ਹੈਦਰਾਬਾਦ ਨੇ ਸਲਾਮੀ ਬੱਲੇਬਾਜ਼ ਜਾਨੀ ਬੇਅਰਸਟੋ ਦੇ ਅਰਧ ਸੈਂਕੜੇ ਦੀ ਮਦਦ ਨਾਲ ਹੌਲੀ ਵਿਕਟ ‘ਤੇ 4 ਵਿਕਟਾਂ ‘ਤੇ 162 ਦੌੜਾਂ ਬਣਾਈਆਂ ਸਨ। ਜਵਾਬ ਵਿਚ ਦਿੱਲੀ ਦੀ ਟੀਮ 20 ਓਵਰਾਂ ਵਿਚ 7 ਵਿਕਟਾਂ ‘ਤੇ 147 ਦੌੜਾਂ ਹੀ ਬਣਾ ਸਕੀ। ਸਨਰਾਈਜ਼ਰਜ਼ ਦੀ ਜਿੱਤ ਦਾ ਹੀਰੋ ਰਾਸ਼ਿਦ ਰਿਹਾ, ਜਿਸ ਨੇ 4 ਓਵਰਾਂ ਵਿਚ 3.50 ਦੀ ਔਸਤ ਨਾਲ ਸਿਰਫ 14 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ । ਭੁਵਨੇਸ਼ਵਰ ਕੁਮਾਰ ਨੇ 4 ਓਵਰਾਂ ਵਿਚ 25 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਦਿੱਲੀ ਲਈ ਰਿਸ਼ਭ ਪੰਤ ਉਮੀਦਾਂ ਦੀ ਆਖਰੀ ਕਿਰਣ ਸੀ, ਜਿਸ ਨੇ 27 ਗੇਂਦਾਂ ਵਿਚ 2 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 32 ਦੌੜਾਂ ਬਣਾਈਆਂ ਪਰ 17ਵੇਂ ਓਵਰ ਵਿਚ ਰਾਸ਼ਿਦ ਨੇ ਉਸ ਨੂੰ ਪੈਵੇਲੀਅਨ ਭੇਜ ਕੇ ਦਿੱਲੀ ਦੀਆਂ ਉਮੀਦਾਂ ਨੂੰ ਖਤਮ ਕਰ ਦਿੱਤਾ। ਪੰਤ ਤੋਂ ਇਲਾਵਾ ਸ਼ਿਖਰ ਧਵਨ ਨੇ 31 ਗੇਂਦਾਂ ਵਿਚ 34 ਦੌੜਾਂ ਤੇ ਸ਼ਿਮਰੋਨ ਹੈੱਟਮਾਇਰ ਨੇ 12 ਗੇਂਦਾਂ ‘ਤੇ 21 ਦੌੜਾਂ ਬਣਾਈਆਂ। ਪਹਿਲੇ ਮੈਚ ਵਿਚ ਦਿੱਲੀ ਨੂੰ ਜਿੱਤ ਦਿਵਾਉਣ ਵਾਲਾ ਮਾਰਕਸ ਸਟੋਇੰਸ 11 ਦੌੜਾਂ ਬਣਾ ਕੇ ਆਊਟ ਹੋ ਗਿਆ। ਉਥੇ ਹੀ ਪ੍ਰਿਥਵੀ ਸ਼ਾਹ (2) ਤੇ ਕਪਤਾਨ ਸ਼੍ਰੇਅਸ ਅਈਅਰ (17) ਵੀ ਅਸਫਲ ਰਹੇ। ਇਸ ਤੋਂ ਪਹਿਲਾਂ ਸਨਰਾਈਜ਼ਰਜ਼ ਲਈ ਬੇਅਰਸਟੋ ਨੇ 48 ਗੇਂਦਾਂ ‘ਤੇ ਦੋ ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 53 ਦੌੜਾਂ ਬਣਾਈਆਂ। ਉਸ ਨੇ ਕਪਤਾਨ ਡੇਵਿਡ ਵਾਰਨਰ ਨਾਲ 57 ਗੇਂਦਾਂ ਵਿਚ 77 ਦੌੜਾਂ ਜੋੜੀਆਂ ਜਦਕਿ ਕੇਨ ਵਿਲੀਅਮਸਨ ਦੇ ਨਾਲ 38 ਗੇਂਦਾਂ ਵਿਚ 52 ਦੌੜਾਂ ਦੀ ਸਾਂਝੇਦਾਰੀ ਕੀਤੀ। ਟੂਰਨਾਮੈਂਟ ਵਿਚ ਪਹਿਲਾ ਮੈਚ ਖੇਡ ਰਹੇ ਵਿਲੀਅਮਸਨ ਨੇ 26 ਗੇਂਦਾਂ ‘ਤੇ 41 ਦੌੜਾਂ ਬਣਾਈਆਂ ਜਦਕਿ ਵਾਰਨਰ ਨੇ 33 ਗੇਂਦਾਂ ‘ਤੇ 45 ਦੌੜਾਂ ਬਣਾਈਆਂ।


Share