IPL 2020 : ਸੁਪਰ ਓਵਰ ‘ਚ ਬੈਂਗਲੁਰੂ ਨੇ ਮੁੰਬਈ ਨੂੰ ਹਰਾਇਆ

713

ਦੁਬਈ, 28 ਸਤੰਬਰ (ਪੰਜਾਬ ਮੇਲ)- ਏ. ਬੀ. ਡਿਵਲੀਅਰਸ ਦੇ ਕਮਾਲ ਤੇ ਨਵਦੀਪ ਸੈਣੀ ਦੀ ਸੁਪਰ ਓਵਰ ਵਿਚ ਕੀਤੀ ਗਈ ਸ਼ਾਨਦਾਰ ਗੇਂਦਬਾਜ਼ੀ ਨਾਲ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੇ ਸੋਮਵਾਰ ਨੂੰ ਇੱਥੇ ਰੋਮਾਂਚ ਨਾਲ ਭਰੇ ਵੱਡੇ ਸਕੋਰ ਵਾਲੇ ਮੈਚ ਵਿਚ ਮੁੰਬਈ ਇੰਡੀਅਨਜ਼ ‘ਤੇ ਜਿੱਤ ਦਰਜ ਕਰਕੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਦੋ ਮਹੱਤਵਪੂਰਨ ਅੰਕ ਹਾਸਲ ਕਰ ਲਏ। ਆਰ. ਸੀ. ਬੀ. ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ‘ਤੇ 3 ਵਿਕਟਾਂ ‘ਤੇ 201 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਸੀ। ਮੁੰਬਈ ਦੀ ਟੀਮ ਨੇ ਇਸਦੇ ਜਵਾਬ ਵਿਚ 5 ਵਿਕਟਾਂ ‘ਤੇ 201 ਦੌੜਾਂ ਬਣਾ ਕੇ ਮੈਚ ਨੂੰ ਸੁਪਰ ਓਵਰ ਤਕ ਪਹੁੰਚਾਇਆ। ਮੁੰਬਈ ਨੇ 99 ਦੌੜਾਂ ਦੀ ਬਿਹਤਰੀਨ ਪਾਰੀ ਖੇਡਣ ਵਾਲੇ ਇਸ਼ਾਨ ਕਿਸ਼ਨ ਦੀ ਬਜਾਏ ਕੀਰੋਨ ਪੋਲਾਰਡ ਤੇ ਹਾਰਦਿਕ ਪੰਡਯਾ ਨੂੰ ਸੁਪਰ ਓਵਰ ਵਿਚ ਬੱਲੇਬਾਜ਼ੀ ਲਈ ਉਤਾਰਿਆ ਪਰ ਨਵਦੀਪ ਸੈਣੀ ਨੇ ਇਸ ਓਵਰ ਵਿਚ ਸਿਰਫ 7 ਦੌੜਾਂ ਦਿੱਤੀਆਂ। ਮੁੰਬਈ ਵਲੋਂ ਜਸਪ੍ਰੀਤ ਬੁਮਰਾਹ ਨੇ ਪਹਿਲੀਆਂ 3 ਗੇਂਦਾਂ ਵਿਚ ਸਿਰਫ 2 ਦੌੜਾਂ ਦਿੱਤੀਆਂ ਪਰ ਡਿਵਿਲੀਅਰਸ ਨੇ ਚੌਥੀ ਗੇਂਦ ‘ਤੇ ਚੌਕਾ ਲਾ ਦਿੱਤਾ। ਬੁਮਰਾਹ ਨੇ ਯਾਰਕਰ ਕੀਤਾ ਤਾਂ ਡਿਵਿਲੀਅਰਸ 1 ਦੌੜ ਹੀ ਲੈ ਸਕਿਆ। ਅਜਿਹੇ ਵਿਚ ਵਿਰਾਟ ਕੋਹਲੀ ਨੇ ਹੇਠਾਂ ਰਹਿੰਦੀ ਫੁਲਟਾਸ ‘ਤੇ ਜੇਤੂ ਲਾ ਦਿੱਤਾ। ਇਸ ਤੋਂ ਪਹਿਲਾਂ ਆਰ. ਸੀ. ਬੀ. ਨੂੰ ਆਰੋਨ ਫਿੰਚ (52) ਤੇ ਦੇਵਦਤ ਪਡੀਕਲ (54) ਨੇ ਪਹਿਲੀ ਵਿਕਟ ਲਈ 81 ਦੌੜਾਂ ਜੋੜ ਕੇ ਆਰ. ਸੀ. ਬੀ. ਨੂੰ ਹਾਂ-ਪੱਖੀ ਸ਼ੁਰੂਆਤ ਦਿੱਤੀ। ਇਸ ਤੋਂ ਬਾਅਦ ਡਿਵਿਲੀਅਰਸ ਨੇ 24 ਗੇਂਦਾਂ ‘ਤੇ 4 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ ਅਜੇਤੂ 55 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਸ਼ਿਵਮ ਦੂਬੇ ਨੇ ਵੀ ਦੋ ਛੱਕਿਆਂ ਦੀ ਮਦਦ ਨਾਲ 10 ਗੇਂਦਾਂ ‘ਤੇ ਅਜੇਤੂ 27 ਦੌੜਾਂ ਦਾ ਚੰਗਾ ਯੋਗਦਾਨ ਦਿੱਤਾ।
ਮੁੰਬਈ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਉਸਦੀਆਂ 3 ਵਿਕਟਾਂ 39 ਦੌੜਾਂ ‘ਤੇ ਡਿੱਗ ਗਈਆਂ ਸਨ, ਅਜਿਹੇ ਵਿਚ ਨੌਜਵਾਨ ਬੱਲੇਬਾਜ਼ ਕਿਸ਼ਨ ਨੇ 59 ਗੇਂਦਾਂ ‘ਤੇ 2 ਚੌਕਿਆਂ ਤੇ 9 ਛੱਕਿਆਂ ਦੀ ਮਦਦ ਨਾਲ 99 ਤੇ ਪੋਲਾਰਡ ਨੇ 24 ਗੇਂਦਾਂ ‘ਤੇ 3 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ ਅਜੇਤੂ 60 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਨੇ 5ਵੀਂ ਵਿਕਟ ਲਈ 119 ਦੌੜਾਂ ਦੀ ਸਾਂਝੇਦਾਰੀ ਕੀਤੀ। ਆਰ. ਸੀ. ਬੀ. ਵਲੋਂ ਵਾਸ਼ਿੰਗਟਨ ਸੁੰਦਰ ਨੇ ਕਸੀ ਹੋਈ ਗੇਂਦਬਾਜ਼ੀ ਦਾ ਬਿਹਤਰੀਨ ਨਮੂਨਾ ਪੇਸ਼ ਕੀਤਾ ਤੇ 4 ਓਵਰਾਂ ਵਿਚ 14 ਦੌੜਾਂ ਦੇ ਕੇ ਇਕ ਵਿਕਟ ਲਈ ਪਰ ਉਸਦੇ ਬਾਕੀ ਗੇਂਦਬਾਜ਼ ਪ੍ਰਭਾਵ ਨਹੀਂ ਪਾ ਸਕੇ। ਸਬਸਟੀਚਿਊਟ ਪਵਨ ਨੇ ਨੇਗੀ ਨੇ 3 ਕੈਚ ਫੜੇ ਪਰ ਉਸ ਨੇ ਪੋਲਾਰਡ ਨੂੰ ਜੀਵਨਦਾਨ ਵੀ ਦਿੱਤਾ।