IPL : ਦਿੱਲੀ ਨੇ ਰਾਜਸਥਾਨ ਨੂੰ 46 ਦੌੜਾਂ ਨਾਲ ਹਰਾਇਆ

1079

ਸ਼ਾਰਜਾਹ, 9 ਅਕਤੂਬਰ (ਪੰਜਾਬ ਮੇਲ)- ਸ਼ਾਨਦਾਰ ਲੈਅ ‘ਚ ਚੱਲ ਰਹੀ ਦਿੱਲੀ ਕੈਪੀਟਲਸ ਨੇ ਸ਼ੁੱਕਰਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ ਮੈਚ ‘ਚ ਰਾਜਸਥਾਨ ਰਾਇਲਜ਼ ਨੂੰ 46 ਦੌੜਾਂ ਨਾਲ ਹਰਾ ਕੇ ਜਿੱਤ ਦੀ ਹੈਟ੍ਰਿਕ ਲਗਾਈ, ਜਿਸ ਨਾਲ ਉਹ ਅੰਕ ਸੂਚੀ ‘ਚ 10 ਅੰਕ ਦੇ ਨਾਲ ਚੋਟੀ ‘ਤੇ ਪਹੁੰਚ ਗਈ। ਸ਼ਿਮਰੋਨ ਹਿੱਟਮਾਇਰ ਦੀ 45 ਦੌੜਾਂ (24 ਗੇਂਦਾਂ ‘ਚ ਇਕ ਚੌਕਾ ਅਤੇ ਪੰਜ ਛੱਕੇ) ਅਤੇ ਮਾਰਕਸ ਸਟੋਇੰਸ ਦੀ 39 ਦੌੜਾਂ (30 ਗੇਂਦਾਂ ‘ਤੇ ਚਾਰ ਛੱਕੇ) ਦੀ ਪਾਰੀ ਨਾਲ ਦਿੱਲੀ ਕੈਪੀਟਲਸ ਨੇ 20 ਓਵਰਾਂ ‘ਚ 8 ਵਿਕਟਾਂ ‘ਤੇ 184 ਦੌੜਾਂ ਦਾ ਸਕੋਰ ਬਣਾਇਆ। ਇਸ ਦੇ ਜਵਾਬ ‘ਚ ਰਾਜਸਥਾਨ ਰਾਇਲਜ਼ ਦੀ ਟੀਮ ਯਸ਼ਸਵੀ ਜਾਇਸਵਾਲ (34 ਦੌੜਾਂ) ਅਤੇ ਰਾਹੁਲ ਤਵੇਤੀਆ (38) ਦੌੜਾਂ ਦੀ ਪਾਰੀਆਂ ਦੇ ਬਾਵਜੂਦ 19.4 ਓਵਰਾਂ ‘ਚ 138 ਦੌੜਾਂ ‘ਤੇ ਢੇਰ ਹੋ ਗਈ, ਜਿਸ ਦੌਰਾਨ ਉਸਦੀ ਲਗਾਤਾਰ ਚੌਥੀ ਹਾਰ ਹੈ। ਦਿੱਲੀ ਕੈਪੀਟਲਸ ਦੀ ਇਹ 6 ਮੈਚਾਂ ‘ਚ ਪੰਜਵੀਂ ਜਿੱਤ ਹੈ, ਉਸਦੇ ਲਈ ਹਿੱਟਮਾਇਰ ਨੇ ਬੱਲੇਬਾਜ਼ੀ ਤੋਂ ਇਲਾਵਾ ਫੀਲਡਿੰਗ ‘ਚ ਕਮਾਲ ਕੀਤਾ ਤਾਂ ਉੱਥੇ ਹੀ ਸਟੋਇੰਸ ਨੇ ਵੀ ਮਹੱਤਵਪੂਰਨ ਸਮੇਂ ‘ਤੇ ਬੱਲੇ ਨਾਲ ਵਧੀਆ ਕਰਨ ਤੋਂ ਬਾਅਦ 2 ਓਵਰਾਂ ‘ਚ 17 ਦੌੜਾਂ ‘ਤੇ 2 ਵਿਕਟਾਂ ਹਾਸਲ ਕੀਤੀਆਂ। ਰਾਜਸਥਾਨ ਨੂੰ ਤੀਜੇ ਓਵਰਾਂ ‘ਚ ਜੋਸ ਬਟਲਰ (13 ਦੌੜਾਂ) ਦੇ ਰੂਪ ‘ਚ ਪਹਿਲਾ ਝਟਕਾ ਲੱਗਾ, ਜਿਸ ਨੂੰ ਰਵੀਚੰਦਰਨ ਅਸ਼ਵਿਨ (22 ਦੌੜਾਂ ‘ਤੇ 2 ਵਿਕਟਾਂ) ਨੇ ਆਊਟ ਕੀਤਾ। ਟੀਮ ਆਪਣੇ ਕਪਤਾਨ ਸਟੀਵ ਸਮਿਥ (24 ਦੌੜਾਂ, 17 ਗੇਂਦਾਂ ‘ਚ 2 ਚੌਕੇ ਅਤੇ ਇਕ ਛੱਕਾ) ‘ਤੇ ਬਹੁਤ ਨਿਰਭਰ ਹੈ ਪਰ ਉਹ ਵੀ ਵੱਡੀ ਪਾਰੀ ਨਹੀਂ ਖੇਡ ਸਕੇ ਅਤੇ ਐਨਰਿਚ ਨੋਰਤਜੇ ਦੀ ਗੇਂਦ ‘ਤੇ ਹਿੱਟਮਾਇਰ ਨੇ ਸ਼ਾਨਦਾਰ ਕੈਚ ਕੀਤਾ।