ਭਾਰਤੀ ਮੂਲ ਦੀ ਇੱਕ ਹੋਰ ਮਹਿਲਾ ਨੂੰ ਅਮਰੀਕਾ ’ਚ ਮਿਲਿਆ ਅਹਿਮ ਅਹੁਦਾ

680
ਵਾਸ਼ਿੰਗਟਨ, 25 ਫਰਵਰੀ (ਪੰਜਾਬ ਮੇਲ)- ਅਮਰੀਕਾ ਵਿੱਚ ਜੋਅ ਬਾਇਡਨ ਦੇ ਰਾਸ਼ਟਰਪਤੀ ਚੁਣੇ ਜਾਣ ਬਾਅਦ ਭਾਰਤੀ ਮੂਲ ਦੇ ਲੋਕਾਂ ਦਾ ਪ੍ਰਸ਼ਾਸਨ ਵਿੱਚ ਦਬਦਬਾ ਪਹਿਲਾਂ ਨਾਲੋਂ ਜ਼ਿਆਦਾ ਵਧ ਗਿਆ ਹੈ। ਹੁਣ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਨਾਗਰਿਕ ਅਧਿਕਾਰ ਵਕੀਲ ਕਿਰਨ ਆਹੂਜਾ ਨੂੰ ‘ਪਰਸਨਲ ਮੈਨੇਜਮੈਂਟ ਆਫਿਸ ਦੀ ਹੈਡ ਚੁਣਿਆ ਹੈ।  ਕਿਰਨ ਆਹੂਜਾ ਦੀ ਨਾਮਜ਼ਦਗੀ ਦਾ ਐਲਾਨ ਵਾਈਟ ਹਾਊਸ ਨੇ ਕੀਤਾ ਹੈ। ਇਸ ਦੇ ਨਾਲ ਹੀ ਬਾਇਡਨ ਪ੍ਰਸ਼ਾਸਨ ਵਿੱਚ ਸੀਨੀਅਰ ਅਹੁਦਿਆਂ ’ਤੇ ਨਾਮਜ਼ਦ 20 ਭਾਰਤੀ ਮੂਲ ਅਮਰੀਕੀਆਂ ਦੇ ਕਲੱਬ ਵਿੱਚ ਹੁਣ ਕਿਰਨ ਆਹੂਜਾ ਵੀ ਸ਼ਾਮਲ ਹੋ ਗਈ ਹੈ।

ਦੱਸ ਦੇਈਏ ਕਿ ਪਰਸਨਲ ਮੈਨੇਜਮੈਂਟ ਆਫਿਸ ਅਮਰੀਕੀ ਫੈਡਰਲ ਸਰਕਾਰ ਦੀ ਸਿਵਲ ਸੇਵਾ ਦੀ ਦੇਖਰੇਖ ਕਰਦਾ ਹੈ। ਪਰਸਨਲ ਡਿਪਾਰਟਮੈਂਟ ਸਰਕਾਰੀ ਕਰਮਚਾਰੀਆਂ ਦੀ ਭਰਤੀ ਦਾ ਕੰਮ ਦੇਖਦਾ ਹੈ। ਉਨ੍ਹਾਂ ਦੇ ਸਿਹਤ ਬੀਮਾ ਅਤੇ ਸੇਵਾਮੁਕਤੀ ਲਾਭ ਪ੍ਰੋਗਰਾਮਾਂ ਦਾ ਪ੍ਰਬੰਧ ਕਰਦਾ ਹੈ। ਦੱਸ ਦੇਈਏ ਕਿ ਪਰਸਨਲ ਮੈਨੇਜਮੈਂਟ ਆਫਿਸ ਅਮਰੀਕਾ ਦੇ 20 ਲੱਖ ਤੋਂ ਵੱਧ ਸਿਵਲ ਸੇਵਾ ਅਧਿਕਾਰੀਆਂ ਦੇ ਪ੍ਰਬੰਧ ਦਾ ਕੰਮਕਾਜ ਦੇਖਦਾ ਹੈ।
ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਪ੍ਰਸ਼ਾਸਨ ਵਿੱਚ ਕਿਰਨ ਆਹੂਜਾ ਨੇ ਓਪੀਐਮ ਵਿੱਚ ਚੀਫ਼ ਆਫ਼ ਸਟਾਫ਼ ਵਜੋਂ ਸੇਵਾਵਾਂ ਨਿਭਾਈਆਂ ਸਨ। ਦੱਸ ਦੇਈਏ ਕਿ ਕਿਰਨ 6 ਸੂਬਿਆਂ ਵਿੱਚ ਦਾਨੀ ਸੰਸਥਾਵਾਂ ਦੇ ਇੱਕ ਨੈਟਵਰਕ ‘ਫਿਲਨਥ੍ਰਾਪੀ ਨੌਰਥਵੈਸਟ’ ਦੀ ਸੀਈਓ ਹੈ।
ਆਹੂਜਾ ਨੇ 2015 ਤੋਂ 2017 ਤੱਕ ਪਰਸਨਲ ਮੈਨੇਜਮੈਂਟ ਆਫਿਸ ਦੇ ਡਾਇਰੈਕਟਰ ਦੇ ਚੀਫ਼ ਆਫ਼ ਸਟਾਫ਼ ਦੇ ਤੌਰ ’ਤੇ ਕੰਮ ਕੀਤਾ ਸੀ। ਉਨ੍ਹਾਂ ਨੂੰ ਲੋਕ ਸੇਵਾ ਅਤੇ ਗ਼ੈਰ-ਲਾਭਕਾਰੀ ਖੇਤਰ ਵਿੱਚ ਕੰਮ ਕਰਨ ਦਾ ਦੋ ਦਹਾਕੇ ਤੋਂ ਵੱਧ ਸਮੇਂ ਦਾ ਤਜ਼ਰਬਾ ਹੈ। ਮੌਜੂਦਾ ਸਮੇਂ ਉਹ ‘ਫਿਲਨਥ੍ਰੋਪੀ ਨੌਰਥਵੈਸਟ’ ਦੀ ਮੁੱਖ ਕਾਰਜਕਾਰੀ ਅਧਿਕਾਰੀ ਹੈ। ਫਿਲਨਥ੍ਰੋਪੀ ਨੌਰਥਵੈਸਟ ਦਾਨੀ ਸੰਸਥਾਵਾਂ ਦਾ ਇੱਕ ਖੇਤਰੀ ਨੈਟਵਰਕ ਹੈ।
ਓਬਾਮਾ-ਬਾਇਡਨ ਪ੍ਰਸ਼ਾਸਨ ਦੌਰਾਨ ਉਨ੍ਹਾਂ ਨੇ ਵਾਈਟ ਹਾਊਸ ਦੇ ਇੱਕ ਪ੍ਰੋਗਰਾਮ ਦੀ ਕਾਰਜਕਾਰੀ ਡਾਇਰੈਕਟਰ ਦੇ ਤੌਰ ’ਤੇ 6 ਸਾਲ ਤੱਕ ਸੇਵਾ ਨਿਭਾਈ ਸੀ।
ਭਾਰਤੀ ਮੂਲ ਦੀ ਕਿਰਨ ਆਹੂਜਾ ਦਾ ਪਾਲਣ-ਪੋਸ਼ਣ ਜਾਰਜੀਆ ਦੇ ਸਵਾਨਾ ਵਿੱਚ ਹੋਇਆ ਸੀ। ਆਹੂਜਾ ਨੇ ਅਟਲਾਂਟਾ ਦੇ ਸਪੈਲਮੈਨ ਕਾਲਜ ਤੋਂ ਬੈਚੁਲਰ ਡਿਗਰੀ ਕੀਤੀ ਸੀ। ਉਸ ਨੇ ਜਾਰਜੀਆ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਕਰਨ ਮਗਰੋਂ ਅਮਰੀਕਾ ਦੇ ਨਿਆਂ ਮੰਤਰਾਲੇ ਵਿੱਚ ਨਾਗਰਿਕ ਅਧਿਕਾਰਾਂ ਦੀ ਵਕੀਲ ਦੇ ਤੌਰ ’ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਜੇਕਰ 49 ਸਾਲਾ ਕਿਰਨ ਆਹੂਜਾ ਦੀ ਨਾਮਜ਼ਦਗੀ ਨੂੰ ਸੈਨੇਟ ਦੀ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਉਹ ਇਸ ਅਹੁਦੇ ’ਤੇ ਪਹੁੰਚਣ ਵਾਲੀ ਭਾਰਤੀ ਮੂਲ ਦੀ ਪਹਿਲੀ ਅਮਰੀਕੀ ਮਹਿਲਾ ਹੋਵੇਗੀ।