ਲੰਡਨ, 23 ਨਵੰਬਰ (ਪੰਜਾਬ ਮੇਲ)- ਕੋਰੋਨਾ ਵਾਇਰਸ ਵੈਕਸੀਨ ਦੀ ਉਡੀਕ ਕਰ ਰਹੇ ਭਾਰਤ ਸਮੇਤ ਦੁਨੀਆਂ ਦੇ ਕਈ ਦੇਸ਼ਾਂ ਲਈ ਇਹ ਵੱਡੀ ਖੁਸ਼ਖਬਰੀ ਹੈ। ਆਕਸਫੋਰਡ-ਐਸਟ੍ਰਾਜੇਨੇਕਾ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਉਨ੍ਹਾਂ ਦੀ ਵੈਕਸੀਨ ਵੀ ਲੱਗਭਗ ਤਿਆਰ ਹੈ ਅਤੇ ਉਨ੍ਹਾਂ ਨੂੰ ਹੁਣ ਸਿਰਫ ਪ੍ਰਵਾਨਗੀ ਦੀ ਉਡੀਕ ਹੈ।
ਵੈਕਸੀਨ ਫੇਸ-3 ਟ੍ਰਾਇਲ ਵਿਚ ਕੋਰੋਨਾ ਇਨਫੈਕਸ਼ਨ ਤੋਂ ਬਚਾਅ ਵਿਚ 90 ਫੀਸਦੀ ਸਫਲ ਰਹੀ। ਇਸ ਵੈਕਸੀਨ ਦਾ ਭਾਰਤ ਵਿਚ ਆਖਰੀ ਦੌਰ ਦਾ ਟ੍ਰਾਇਲ ਚੱਲ ਰਿਹਾ ਹੈ। ਸੋਮਵਾਰ ਜਾਰੀ ਅੰਤਰਿਮ ਵਿਸ਼ਲੇਸ਼ਣ ਮੁਤਾਬਕ 2 ਤਰ੍ਹਾਂ ਦੀ ਡੋਜ਼ ਦੇ ਅੰਕੜੇ ਇਕੋ ਵੇਲੇ ਰੱਖਣ ‘ਤੇ ਵੈਕਸੀਨ ਦਾ ਅਸਰ 70.4 ਫੀਸਦੀ ਰਿਹਾ। ਐਸੋਚੈਮ ਮੁਤਾਬਕ ਵੱਖ-ਵੱਖ ਕਰਨ ‘ਤੇ ਵੈਕਸੀਨ 90 ਫੀਸਦੀ ਤੱਕ ਅਸਰਦਾਰ ਰਹੀ।
ਆਕਸਫੋਰਡ ਵੈਕਸੀਨ ਗਰੁੱਪ ਦੇ ਡਾਇਰੈਕਟਰ ਅਤੇ ਇਸ ਟ੍ਰਾਇਲ ਦੇ ਚੀਫ ਇਨਵੈਸਟੀਗੇਟਰ ਪ੍ਰੋਫੈਸਰ ਐਂਡ੍ਰਿਊ ਪੋਲਾਰਡ ਮੁਤਾਬਕ ਟ੍ਰਾਇਲ ਦੌਰਾਨ ਪਤਾ ਲੱਗਾ ਕਿ ਜੇ ਵੈਕਸੀਨ ਦੀ ਪਹਿਲੀ ਡੋਜ਼ ਅੱਧੀ ਦਿੱਤੀ ਜਾਵੇ ਅਤੇ ਦੂਜੀ ਡੋਜ਼ ਪੂਰੀ ਤਾਂ ਇਹ ਵਧੇਰੇ ਅਸਰਦਾਰ ਹੁੰਦੀ ਹੈ।
ਐਸਟ੍ਰਾਜੇਨੇਕਾ ਦਾ ਕਹਿਣਾ ਹੈ ਕਿ ਵੈਕਸੀਨ ਸੁਰੱਖਿਅਤ ਵੀ ਪਾਈ ਗਈ ਹੈ। ਕਿਸੇ ਵਾਲੰਟੀਅਰ ਨੂੰ ਹਸਪਤਾਲ ਵਿਚ ਦਾਖਲ ਕਰਨ ਲਈ ਨਹੀਂ ਭੇਜਣਾ ਪਿਆ। ਅੰਤਰਿਮ ਵਿਸ਼ਲੇਸ਼ਣ ਕੋਵਿਡ-19 ਦੇ 131 ਮਾਮਲਿਆਂ ‘ਤੇ ਕੀਤਾ ਗਿਆ।
ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸ.ਆਈ.ਆਈ.) ਨੇ ਐਸਟ੍ਰਾਜੇਨੇਕਾ ਨਾਲ ਵੈਕਸੀਨ ਦੀ 100 ਕਰੋੜ ਡੋਜ਼ ਬਾਰੇ ਡੀਲ ਕੀਤੀ ਹੈ। ਜੇ ਬਰਤਾਨੀਆ ‘ਚ ਐਮਰਜੈਂਸੀ ਪ੍ਰਵਾਨਗੀ ਮਿਲਦੀ ਹੈ, ਤਾਂ ਕੰਪਨੀ ਭਾਰਤ ਵਿਚ ਵੀ ਵੈਕਸੀਨ ਵੀ ਪ੍ਰਵਾਨਗੀ ਲਈ ਅਪਲਾਈ ਕਰ ਸਕਦੀ ਹੈ। ਜੇ ਇੰਝ ਹੁੰਦਾ ਹੈ, ਤਾਂ ਭਾਰਤ ਵਿਚ ‘ਕੋਵੀਸ਼ੀਲਡ’ ਨਾਂ ਵਾਲੀ ਇਹ ਵੈਕਸੀਨ ਜਨਵਰੀ ਤੱਕ ਆ ਸਕਦੀ ਹੈ।
ਇਸ ਵੈਕਸੀਨ ਦੇ ਅੰਤਰਿਮ ਵਿਸ਼ਲੇਸ਼ਣ ਲਈ ਯੂਨਾਈਟਿਡ ਕਿੰਗਡਮ, ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਵਿਚ 24 ਹਜ਼ਾਰ ਤੋਂ ਵੱਧ ਵਾਲੰਟੀਅਰਸ ਦੇ ਡਾਟਾ ਬੇਸ ਦੀ ਵਰਤੋਂ ਕੀਤੀ ਗਈ। ਇਹ ਵੈਕਸੀਨ ਆਸਾਨੀ ਨਾਲ ਮੌਜੂਦਾ ਹੈਲਥਕੇਅਰ ਸਿਸਟਮ ਅਧੀਨ ਵੰਡੀ ਜਾ ਸਕਦੀ ਹੈ ਕਿਉਂਕਿ ਇਸ ਨੂੰ 2 ਤੋਂ 8 ਡਿਗਰੀ ਸੈਲਸੀਅਸ ਤਾਪਮਾਨ ‘ਤੇ ਸਟੋਰ ਕਰਨਾ ਹੋਵੇਗਾ। ਇਕ ਬਿਆਨ ‘ਚ ਆਕਸਫੋਰਡ ਨੇ ਕਿਹਾ ਕਿ 10 ਤੋਂ ਵੱਧ ਦੇਸ਼ਾਂ ਵਿਚ ਵੈਕਸੀਨ ਦਾ ਉਤਪਾਦਨ ਜਾਰੀ ਹੈ।
ਸੀਰਮ ਇੰਸਟੀਚਿਊਟ ਦੀ ਵੈਕਸੀਨ ਦੇ ਨਾਲ-ਨਾਲ ਭਾਰਤ ਬਾਇਓਟੈੱਕ ਦੀ ‘ਕੋਵੈਕਸੀਨ’ ਨੂੰ ਵੀ ਐਮਰਜੈਂਸੀ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ, ਫਿਲਹਾਲ ਇਸ ਦੇ ਤੀਜੇ ਪੜਾਅ ਦਾ ਟ੍ਰਾਇਲ ਚੱਲ ਰਿਹਾ ਹੈ ਪਰ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਜੇ ਕੰਪਨੀ ਵੈਕਸੀਨ ਦੀ ਐਮਰਜੈਂਸੀ ਪ੍ਰਵਾਨਗੀ ਲਈ ਅਰਜ਼ੀ ਦਿੰਦੀ ਹੈ, ਤਾਂ ਉਸ ਦੇ ਪਹਿਲੇ ਅਤੇ ਦੂਜੇ ਪੜਾਅ ਦੇ ਡਾਟਾ ਦੇ ਆਧਾਰ ‘ਤੇ ਇਹ ਪ੍ਰਵਾਨਗੀ ਮਿਲ ਸਕਦੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰ ਵੈਕਸੀਨ ਦੀ ਖਰੀਦਦਾਰੀ ਲਈ ਨਿਰਮਾਤਾ ਕੰਪਨੀ ਦੇ ਲਗਾਤਾਰ ਸੰਪਰਕ ਵਿਚ ਹੈ। ਉਂਝ ਤਾਂ ਸੀਰਮ ਇੰਸਟੀਚਿਊਟ ਦੀ ਵੈਕਸੀਨ ਦੀ ਕੀਮਤ 500-600 ਰੁਪਏ ਦਰਮਿਆਨ ਹੋ ਸਕਦੀ ਹੈ ਪਰ ਮੰਨਿਆ ਜਾਂਦਾ ਹੈ ਕਿ ਸਰਕਾਰ ਅੱਧੀ ਕੀਮਤ ‘ਤੇ ਵੈਕਸੀਨ ਖਰੀਦੇਗੀ।