9/11 ਹਮਲੇ ਤੋਂ ਬਾਅਦ ਨਫਰਤੀ ਹਮਲੇ ਦਾ ਸ਼ਿਕਾਰ ਹੋਏ ਪਹਿਲੇ ਸਿੱਖ ਬਲਬੀਰ ਸਿੰਘ ਸੋਢੀ ਦੀ ਯਾਦ ਵਿਚ ਸ਼ਰਧਾਂਜਲੀ ਸਮਾਗਮ

312
Share

ਐਰੀਜ਼ੋਨਾ, 21 ਸਤੰਬਰ (ਪੰਜਾਬ ਮੇਲ)- ਬੀਤੇ ਦਿਨੀਂ ਮੇਸਾ (ਐਰੀਜ਼ੋਨਾ) ’ਚ 9/11 ਸਤੰਬਰ 2001 ’ਚ ਹੋਈ ਦਰਦਨਾਕ ਘਟਨਾ ਤੋਂ ਬਾਅਦ ਫੈਲੀ ਨਫਰਤ ਦੀ ਅੱਗ ਦਾ ਸ਼ਿਕਾਰ ਹੋਏ ਪਹਿਲੇ ਸਿੱਖ ਬਲਬੀਰ ਸਿੰਘ ਸੋਢੀ ਨੂੰ ਸ਼ਹਾਦਤ ਦੇਣੀ ਪਈ। ਉਨ੍ਹਾਂ ਦੀ ਸ਼ਹਾਦਤ ਹੋਏ ਪੂਰੇ ਵੀਹ ਸਾਲ ਹੀ ਗਏ ਹਨ ਅਤੇ ਉਨ੍ਹਾਂ ਦੀ ਯਾਦ ਮਨਾਉਂਦੇ ਹੋਏ ਪਰਿਵਾਰ ਦੀਆਂ ਅੱਖਾਂ ’ਚ ਓਹੀ ਹੰਝੂ ਅਤੇ ਦੁੱਖ ਸੀ, ਜਿਵੇਂ ਕੱਲ੍ਹ ਦੀ ਗੱਲ ਹੋਵੇ। ਇਥੇ ਮਾਹੌਲ ਹੋਰ ਵੀ ਗਮਗੀਨ ਹੋ ਗਿਆ ਕਿਉਂਕਿ ਬਲਬੀਰ ਸਿੰਘ ਸੋਢੀ ਦੀ ਵੱਡੀ ਬੇਟੀ (ਸਤਵਿੰਦਰ ਕੌਰ) ਵੀ ਇਸ ਸਮਾਗਮ ’ਚ ਸ਼ਾਮਲ ਹੋਣ ਪਹਿਲੀ ਵਾਰ ਇੰਡੀਆ ਤੋਂ ਆਈ। ਪੰਜਾਬੀ ਭਾਈਚਾਰੇ ਅਤੇ ਅਮਰੀਕਨ ਜਥੇਬੰਦੀਆਂ ਵੱਲੋਂ ਇਸ ਦਿਨ ਨੂੰ ਘਟਨਾ ਸਥਾਨ ’ਤੇ ਮਨਾਇਆ ਗਿਆ।
ਇਸ ਮੌਕੇ ਸ੍ਰੀ ਰਹਿਰਾਸ ਸਾਹਿਬ ਜੀ ਪਾਠ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਡਾ. ਜਸਵੰਤ ਸਿੰਘ ਸਚਦੇਵ (ਗਲੋਬਲ ਸਿੱਖ ਅਲਾਇੰਸ), ਵੈਲਰੀ ਕੌਰ (ਰੈਵੋਲੂਸ਼ਨਰੀ ਲਵ ਪ੍ਰੋਜੈਕਟ), ਕਾਂਗਰਸ ਮੈਨ ਗਰੈੱਗ ਸਟੈਨਟਨ ਹੋਰਾਂ ਨੇ ਬਲਬੀਰ ਸਿੰਘ ਸੋਢੀ ਉੱਪਰ ਕੀਤੇ ਵਹਿਸ਼ੀਆਨਾ ਹਮਲੇ ਦੀ ਨਿੰਦਾ ਕੀਤੀ। ਗਵਰਨਰ ਸਾਹਿਬ ਦਾ ਸ਼ੋਕ ਸੰਦੇਸ਼ ਪੜ੍ਹਿਆ, ਜਿਸ ਵਿਚ ਉਨ੍ਹਾਂ ਕਿਹਾ ਕਿ 15 ਸਿਤੰਬਰ ਦਾ ਦਿਨ ਹੇਟ ਕ੍ਰਾਈਮ ਦੇ ਕਾਲੇ ਦਿਨ ਵਜੋਂ ਯਾਦ ਕੀਤਾ ਜਾਂਦਾ ਰਿਹਾ ਕਰੇਗਾ। ਐਰਿਕਾ ਮੋਰਟੀਸੁਗੂ ਨੇ ਅਮਰੀਕਨ ਰਾਸ਼ਟਰਪਤੀ ਜੋਅ ਬਾਈਡਨ ਦਾ ਵ੍ਹਾਈਟ ਹਾਊਸ ਵੱਲੋਂ ਆਇਆ ਸੰਦੇਸ਼ ਪੜ੍ਹਿਆ।
ਹੋਰ ਵੀ ਬੁਲਾਰਿਆਂ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਬਲਬੀਰ ਸਿੰਘ ਸੋਢੀ ਦੀ ਪੋਤਰੀ ਐਸ਼ਵੀਨ ਸੋਢੀ ਵਲੋਂ ਜੋ ਕਿ ਉਸ ਘਟਨਾ ਤੋਂ ਬਾਅਦ ਪੈਦਾ ਹੋਈ ਸੀ, ਨੇ ਵੀ ਆਪਣੇ ਦਿਲ ਦੇ ਦਰਦ ਬਿਆਨ ਕੀਤੇ। ਅੰਤ ਵਿਚ ਰਾਣਾ ਸਿੰਘ ਸੋਢੀ ਨੇ ਆਈ ਸੰਗਤ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ। ਉਪਰੰਤ ਲੰਗਰ ਵਰਤਾਇਆ ਗਿਆ।

Share