9ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਚ ਪੰਜਾਬ ਜੇਤੂ, ਚੰਡੀਗੜ੍ਹ ਦੂਜੇ ਤੇ ਦਿੱਲੀ ਤੀਜੇ ਥਾਂ ‘ਤੇ ਰਿਹਾ

390
ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ, ਸੂਚਨਾ ਕਮਿਸ਼ਨਰ ਅਨੁਮੀਤ ਸਿੰਘ ਸੋਢੀ ਤੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ਼ ਗੁਰੂ ਹਰਸਹਾਏ ਵਿਖੇ ਟੂਰਨਾਮੈਂਟ ਦੀ ਜੇਤੂ ਗੱਤਕਾ ਟੀਮ ਨੂੰ ਸਨਮਾਨਤ ਕਰਦੇ ਹੋਏ।
Share

ਗੱਤਕਾ ਵਿਰਾਸਤੀ ਤੇ ਸਵੈ ਰੱਖਿਆ ਦੀ ਖੇਡ : ਡਿਪਟੀ ਕਮਿਸ਼ਨਰ
ਗੁਰੂ ਹਰਸਹਾਏ ਚ ਗੱਤਕਾ ਟ੍ਰੇਨਿੰਗ ਸੈਂਟਰ ਜਲਦ ਖੋਲਿਆ ਜਾਵੇਗਾ : ਹੀਰਾ ਸੋਢੀ
ਚੰਡੀਗੜ੍ਹ/ਗੁਰੂ ਹਰਸਹਾਏ, 9 ਅਗਸਤ (ਪੰਜਾਬ ਮੇਲ)- ਮਾਤਾ ਸਾਹਿਬ ਕੌਰ ਪਬਲਿਕ ਸਕੂਲ ਗੁਰੂ ਹਰਸਹਾਏ ਵਿਖੇ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੀ ਨੌਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦੀ ਓਵਰਆਲ ਟਰਾਫੀ ਤੇ ਪੰਜਾਬ ਨੇ ਜਿੱਤ ਲਈ ਜਦਕਿ ਚੰਡੀਗੜ੍ਹ ਸਟੇਟ ਦੂਸਰੇ ਸਥਾਨ ਉੱਤੇ ਅਤੇ ਦਿੱਲੀ ਦੇ ਗੱਤਕੇਬਾਜ਼ ਤੀਜੇ ਸਥਾਨ ਉੱਤੇ ਰਹੇ। ਇਸ ਤਿੰਨ ਰੋਜ਼ਾ ਚੈਂਪੀਅਨਸ਼ਿਪ ਵਿੱਚ 16 ਰਾਜਾਂ ਦੀਆਂ ਟੀਮਾਂ ਦੇ 535 ਖਿਡਾਰੀਆਂ ਅਤੇ ਖਿਡਾਰਨਾਂ ਨੇ ਭਾਗ ਲਿਆ।
ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਗੁਰਪਾਲ ਸਿੰਘ ਚਾਹਲ ਅਤੇ ਅਨੁਮੀਤ ਸਿੰਘ ਹੀਰਾ ਸੋਢੀ ਨੇ ਕੀਤੀ ਕਿਉਂਕਿ ਖੇਡ ਮੰਤਰੀ ਰਾਣਾ ਸੋਢੀ ਦੇ ਨਾ ਟਾਲੇ ਜਾ ਸਕਣ ਵਾਲੇ ਰੁਝੇਵੇਂ ਕਾਰਨ ਡਿਪਟੀ ਕਮਿਸ਼ਨਰ ਬਤੌਰ ਮੁੱਖ ਮਹਿਮਾਨ ਅਤੇ ਹੀਰਾ ਸੋਢੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਨੇ ਆਖਿਆ ਕਿ ਗੱਤਕਾ ਪੰਜਾਬ ਦੀ ਵਿਰਾਸਤੀ ਅਤੇ ਸਵੈ ਰੱਖਿਆ ਦੀ ਖੇਡ ਹੋਣ ਕਾਰਨ ਵੱਧ ਤੋਂ ਵੱਧ ਬੱਚਿਆਂ ਨੂੰ ਇਸ ਖੇਡ ਵੱਲ ਪ੍ਰੇਰਿਤ ਹੋਣ ਦੀ ਲੋੜ ਹੈ ਤਾਂ ਜੋ ਰਵਾਇਤੀ ਖੇਡ ਪ੍ਰਫੁੱਲਤ ਹੋ ਸਕੇ। ਆਪਣੇ ਸੰਬੋਧਨ ਵਿੱਚ ਹੀਰਾ ਸੋਢੀ ਨੇ ਆਖਿਆ ਕਿ ਕਿ ਉਹ ਖੇਡ ਮੰਤਰੀ ਵੱਲੋਂ ਗੱਤਕਾ ਐਸੋਸੀਏਸ਼ਨ ਨੂੰ ਭਰੋਸਾ ਦਿਵਾਉਂਦੇ ਹਨ ਕਿ ਗੱਤਕਾ ਖੇਡ ਦੀ ਪ੍ਰਫੁੱਲਤਾ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਖੇਡ ਮੰਤਰੀ ਤਰਫੋਂ ਐਲਾਨ ਕੀਤਾ ਕਿ ਗੁਰੂ ਹਰਸਹਾਏ ਵਿੱਚ ਗੱਤਕਾ ਟ੍ਰੇਨਿੰਗ ਸੈਂਟਰ ਅਤੇ ਬੱਚਿਆਂ ਨੂੰ ਸਰੀਰਕ ਤੰਦਰੁਸਤੀ ਲਈ ਜ਼ਿੰਮ ਨੂੰ ਜਲਦ ਚਾਲੂ ਕੀਤਾ ਜਾਵੇਗਾ। ਉਨ੍ਹਾਂ ਨੇ ਨੈਸ਼ਨਲ ਚੈਂਪੀਅਨਸ਼ਿਪ ਕਰਵਾਉਣ ਲਈ ਗੱਤਕਾ ਐਸੋਸੀਏਸ਼ਨ ਨੂੰ ਪੰਜ ਲੱਖ ਰੁਪਏ ਦੀ ਅਖ਼ਤਿਆਰੀ ਗਰਾਂਟ ਦੇਣ ਦਾ ਵੀ ਐਲਾਨ ਕੀਤਾ। ਇਸ ਮੌਕੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਗੱਤਕਾ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਹਰਬੀਰ ਸਿੰਘ ਦੁੱਗਲ ਨੇ ਵੀ ਖਿਡਾਰੀਆਂ ਨੂੰ ਗੱਤਕੇ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਘੇ ਸਮਾਜਸੇਵੀ ਆਤਮਜੀਤ ਸਿੰਘ ਡੇਵਿਡ, ਡਾ. ਪ੍ਰੀਤਮ ਸਿੰਘ ਮੀਤ ਪ੍ਰਧਾਨ ਨੈਸ਼ਨਲ ਗੱਤਕਾ ਐਸੋਸੀਏਸ਼ਨ, ਹਰਜਿੰਦਰ ਕੁਮਾਰ ਜਾਇੰਟ ਸਕੱਤਰ, ਬਲਜੀਤ ਸਿੰਘ ਵਿੱਤ ਸਕੱਤਰ, ਕਮਲ ਪਾਲ ਸਿੰਘ ਪ੍ਰਧਾਨ ਜਿਲਾ ਗੱਤਕਾ ਐਸੋਸੀਏਸ਼ਨ ਫਿਰੋਜ਼ਪੁਰ ਅਤੇ ਸਕੂਲ ਦੇ ਪ੍ਰਿੰਸੀਪਲ ਡਾ: ਪੰਕਜ ਧਮੀਜਾ ਵੀ ਮੌਜੂਦ ਸਨ।

 


Share