ਨਵੀਂ ਦਿੱਲੀ, 3 ਜੂਨ (ਪੰਜਾਬ ਮੇਲ)-ਦਿੱਲੀ ਹਾਈ ਕੋਰਟ ਨੇ ’84 ਸਿੱਖ ਕਤਲੇਆਮ ਦੇ ਦੋਸ਼ੀਆਂ ‘ਚੋਂ ਇਕ ਨੂੰ ਦਿੱਤੀ ਉਮਰ ਕੈਦ ਦੀ ਸਜ਼ਾ 12 ਹਫ਼ਤਿਆਂ ਲਈ ਮੁਲਤਵੀ ਕਰ ਦਿੱਤੀ ਹੈ, ਕਿਉਂਕਿ ਉਹ ਗੁਰਦਾ ਰੋਗ ਤੋਂ ਪੀੜਤ ਹੈ ਅਤੇ ਉਸ ਦੇ ਕੋਵਿਡ 19 ਵਰਗੇ ਰੋਗਾਂ ਦੀ ਲਪੇਟ ‘ਚ ਆਉਣ ਦਾ ਖ਼ਤਰਾ ਵੱਧ ਹੈ। ਜਸਟਿਸ ਮਨਮੋਹਨ ਅਤੇ ਸੰਜੇ ਨਰੂਲਾ ਦੇ ਬੈਂਚ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਦੌਰਾਨ ਕਿਹਾ ਕਿ ਨਰੇਸ਼ ਸ਼ੇਰਾਵਤ ਕੇਂਦਰੀ ਜੇਲ੍ਹ ਹਸਪਤਾਲ ਤਿਹਾੜ ਦੇ ਮੈਡੀਸਨ ਵਾਰਡ ‘ਚ ਦਾਖ਼ਲ ਹੈ। ਕਿਉਂਕਿ ਪਟੀਸ਼ਨਕਰਤਾ ਗੁਰਦਾ ਰੋਗ ਤੋਂ ਪੀੜਤ ਹੈ ਤੇ ਚੌਥੀ ਸਟੇਜ ਦਾ ਮਰੀਜ਼ ਹੈ ਅਤੇ ਕੇਂਦਰੀ ਜੇਲ੍ਹ ਹਸਪਤਾਲ ‘ਚ ਦਾਖ਼ਲ ਹੈ ਅਤੇ ਉਸ ਨੂੰ ਕੋਵਿਡ 19 ਵਰਗੇ ਛੂਤ ਦੇ ਰੋਗ ਹੋਣ ਦਾ ਖ਼ਤਰਾ ਹੈ, ਇਸ ਲਈ ਦੋਸ਼ੀ ਦੀ ਸਜ਼ਾ ਨੂੰ 12 ਹਫ਼ਤਿਆਂ ਲਈ ਮੁਲਤਵੀ ਕੀਤੀ ਜਾਂਦੀ ਹੈ। ਉਸ ਨੂੰ ਹੇਠਲੀ ਅਦਾਲਤ ‘ਚ ਨਿੱਜੀ ਮੁਚੱਲਮਾ ਭਰਨਾ ਪਵੇਗਾ ਅਤੇ 20 ਹਜ਼ਾਰ ਰੁਪਏ ਦੀ ਜਾਮਨੀ ਭਰਨੀ ਪਵੇਗੀ।