’84 ਦਿੱਲੀ ਦੰਗਿਆਂ ਦੇ ਚਸ਼ਮਦੀਦ ਗਵਾਹ ਹਰਵਿੰਦਰ ਕੋਹਲੀ ਦੀ ਕਰੋਨਾ ਕਾਰਨ ਮੌਤ

214
Share

ਡੇਰਾਬੱਸੀ, 16 ਜੂਨ (ਪੰਜਾਬ ਮੇਲ)- ਇੱਥੇ ਰਹਿੰਦੇ ਦਿੱਲੀ ਦੰਗਾ ਪੀੜਤ ਅਤੇ ਉਦਯੋਗਪਤੀ ਹਰਵਿੰਦਰ ਸਿੰਘ ਕੋਹਲੀ (63) ਦੀ ਕੋਰੋਨਾ ਬਿਮਾਰੀ ਕਾਰਨ ਮੌਤ ਹੋ ਗਈ ਹੈ। ਉਹ ਪਿਛਲੇ ਹਫ਼ਤੇ ਤੋਂ ਜ਼ੀਰਕਪੁਰ ਦੇ ਪ੍ਰਾਈਵੇਟ ਹਸਪਤਾਲ ’ਚ ਵੈਂਟੀਲੇਟਰ ’ਤੇ ਸਨ।
ਦਿੱਲੀ ਦੰਗਿਆਂ ’ਚ ਆਪਣੇ ਪਿਤਾ ਤੇ ਜੀਜੇ ਨੂੰ ਗੁਆ ਚੁੱਕੇ ਸਵ. ਕੋਹਲੀ ਹਾਈਕੋਰਟ ’ਚ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਦੇ ਖ਼ਿਲਾਫ਼ ਬਤੌਰ ਚਸ਼ਮਦੀਦ ਗਵਾਹ ਪੇਸ਼ੀ ’ਤੇ ਗਏ ਸਨ।
ਉਨ੍ਹਾਂ ਦੇ ਭਰਾ ਤਜਿੰਦਰ ਕੋਹਲੀ ਨੇ ਦੱਸਿਆ ਕਿ ਦਿੱਲੀ ਹਾਈ ਕੋਰਟ ’ਚ ਉਨ੍ਹਾਂ ਦੇ ਭਰਾ ਨੇ ਬਤੌਰ ਗਵਾਹ ਦੋ ਪੇਸ਼ੀਆਂ ਭੁਗਤੀਆਂ ਸਨ। ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਉਨ੍ਹਾਂ ਦੇ ਪਿਤਾ ਤੇ ਜੀਜੇ ਨੂੰ ਦੰਗਾਕਾਰੀਆਂ ਨੇ ਕਤਲ ਕਰ ਦਿੱਤਾ ਸੀ, ਜਦੋਂਕਿ ਕੋਹਲੀ ਬੁਰੀ ਤਰ੍ਹਾਂ ਫੱਟੜ ਹੋ ਗਏ ਸਨ। ਉਨ੍ਹਾਂ ਨੂੰ ਮੁਆਵਜ਼ੇ ਵਜੋਂ ਕੁਝ ਨਹੀਂ ਮਿਲਿਆ ਹੈ।
ਸਾਲ 2009 ਵੇਲੇ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਵੇਲੇ ਪ੍ਰਧਾਨ ਮੰਤਰੀ ਦਫ਼ਤਰ ਦੇ ਬਾਹਰ ਐੱਚ.ਐੱਸ. ਕੋਹਲੀ ਨੇ ਦਿੱਲੀ ਦੰਗਾ ਪੀੜਤਾਂ ਨੂੰ ਇਨਸਾਫ਼ ਦੀ ਗੁਹਾਰ ਲਾਉਂਦਿਆਂ ਇਕੱਲਿਆਂ ਧਰਨਾ ਦਿੱਤਾ ਸੀ। ਉਹ ਸਾਲ 1995 ’ਚ ਡੇਰਾਬੱਸੀ ਆ ਕੇ ਰਹਿਣ ਲੱਗੇ ਸਨ। ਉਹ ਇੱਥੇ ਆਮ ਆਦਮੀ ਪਾਰਟੀ ਦੇ ਸਭ ਤੋਂ ਪਹਿਲੇ ਸਰਗਰਮ ਆਗੂ ਸਨ, ਜਿਨ੍ਹਾਂ ‘ਆਪ’ ਦਾ ਝੰਡਾ ਬੁਲੰਦ ਕੀਤਾ ਸੀ।
ਕੋਰੋਨਾ ਤੋਂ ਬਾਅਦ ਸਾਹ ਦੀ ਤਕਲੀਫ਼ ਵਧਣ ਮਗਰੋਂ ਉਨ੍ਹਾਂ ਦੀ ਹਾਲਤ ਗੰਭੀਰ ਹੋ ਗਈ ਸੀ, ਉਨ੍ਹਾਂ ਨੂੰ ਵੈਂਟੀਲੇਟਰ ਲਾਇਆ ਹੋਇਆ ਸੀ ਕਿ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਹ ਪਿੱਛੇ ਪਰਿਵਾਰ ’ਚ ਵਿਧਵਾ ਪਤਨੀ ਤੋਂ ਇਲਾਵਾ ਪੁੱਤਰ ਅਤੇ ਦੋ ਧੀਆਂ ਛੱਡ ਗਏ ਹਨ। ਉਨ੍ਹਾਂ ਦੀ ਅੰਤਿਮ ਅਰਦਾਸ ਅਤੇ ਭੋਗ ਸ਼ੁੱਕਰਵਾਰ ਨੂੰ ਰੱਖਿਆ ਗਿਆ ਹੈ।


Share