80 ਭਾਰਤੀ ਨਾਗਰਿਕਾਂ ਨੂੰ ਕਾਬੁਲ ’ਚੋਂ ਸੁਰੱਖਿਅਤ ਲਿਆਂਦਾ

535
Share

-ਹਵਾਈ ਸੈਨਾ ਦਾ ਮਾਲਵਾਹਕ ਜਹਾਜ਼ ਈਂਧਣ ਭਰਵਾਉਣ ਲਈ ਤਜਾਕਿਸਤਾਨ ਦੇ ਦੁਸ਼ਾਂਬੇ ਉਤਰਿਆ
-ਸ਼ਾਮ ਤੱਕ ਦਿੱਲੀ ਨਜ਼ਦੀਕ ਹਿੰਡਨ ਹਵਾਈ ਬੇਸ ’ਤੇ ਪੁੱਜਣ ਦੀ ਉਮੀਦ
ਨਵੀਂ ਦਿੱਲੀ, 21 ਅਗਸਤ (ਪੰਜਾਬ ਮੇਲ)- ਅਫ਼ਗ਼ਾਨਿਸਤਾਨ ਦੀ ਰਾਜਧਾਨੀ ’ਚ ਨਿੱਤ ਦਿਨ ਵਿਗੜਦੇ ਹਾਲਾਤ ਦਰਮਿਆਨ ਭਾਰਤੀ ਹਵਾਈ ਸੈਨਾ ਦਾ ਮਾਲਵਾਹਕ ਜਹਾਜ਼ ਸ਼ਨਿੱਚਰਵਾਰ ਨੂੰ ਕਾਬੁਲ ਤੋਂ ਕਰੀਬ 80 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢ ਲਿਆਇਆ ਹੈ। ਇਸ ਪੂਰੇ ਘਟਨਾਕ੍ਰਮ ਤੋਂ ਜਾਣੂ ਅਧਿਕਾਰੀਆਂ ਨੇ ਕਿਹਾ ਕਿ ਭਾਰਤੀਆਂ ਨੂੰ ਉਥੋਂ ਕੱਢਣ ਮਗਰੋਂ ਹਵਾਈ ਸੈਨਾ ਦਾ ਜਹਾਜ਼ ਤਾਜਿਕਿਸਤਾਨ ਦੇ ਦੁਸ਼ਾਂਬੇ ਵਿਚ ਉਤਰਿਆ, ਜਿਥੇ ਜਹਾਜ਼ ਵਿਚ ਈਂਧਣ ਭਰਵਾਇਆ ਗਿਆ। ਇਸ ਉਡਾਣ ਦੇ ਸ਼ਾਮ ਤੱਕ ਦਿੱਲੀ ਨਜ਼ਦੀਕ ਹਵਾਈ ਸੈਨਾ ਦੇ ਹਿੰਡਨ ਬੇਸ ’ਤੇ ਪੁੱਜਣ ਦੀ ਉਮੀਦ ਹੈ। ਕਾਬਿਲੇਗੌਰ ਹੈ ਕਿ ਭਾਰਤ, ਅਫ਼ਗ਼ਾਨਿਸਤਾਨ ਵਿਚਲੀਆਂ ਆਪਣੀਆਂ ਅੰਬੈਸੀਆਂ ਦੇ ਸਾਰੇ ਸਟਾਫ਼ ਨੂੰ ਪਹਿਲਾਂ ਹੀ ਉਥੋਂ ਕੱਢ ਚੁੱਕਾ ਹੈ, ਜਦੋਂਕਿ 1000 ਦੇ ਕਰੀਬ ਭਾਰਤੀ ਨਾਗਰਿਕ ਅਜੇ ਵੀ ਜੰਗ ਦੇ ਝੰਬੇ ਇਸ ਮੁਲਕ ਦੇ ਵੱਖ-ਵੱਖ ਸ਼ਹਿਰਾਂ ਵਿਚ ਮੌਜੂਦ ਹਨ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਭਾਰਤੀ ਨਾਗਰਿਕਾਂ ਦੀ ਲੋਕੇਸ਼ਨ ਤੇ ਮੌਜੂਦਾ ਹਾਲਾਤ ਦਾ ਪਤਾ ਲਾਉਣਾ ਕਾਫ਼ੀ ਚੁਣੌਤੀਪੂਰਣ ਹੈ ਕਿਉਂਕਿ ਇਨ੍ਹਾਂ ਵਿਚੋਂ ਵੱਡੀ ਗਿਣਤੀ ਨੇ ਖ਼ੁਦ ਨੂੰ ਅੰਬੈਸੀ ’ਚ ਪੰਜੀਕਿ੍ਰਤ ਨਹੀਂ ਕਰਵਾਇਆ ਸੀ। ਸੂਤਰਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਭਾਰਤੀ ਹਵਾਈ ਸੈਨਾ ਦਾ ਸੀ-17 ਮਾਲਵਾਹਕ ਜਹਾਜ਼ ਕਾਬੁਲ ਹਵਾਈ ਅੱਡੇ ’ਤੇ ਮੌਜੂਦ ਹੈ।

Share