73 ਹਸਤੀਆਂ ਨੂੰ ਪਦਮ ਪੁਰਸਕਾਰ; ਫਰਨਾਂਡਿਜ਼, ਜੇਤਲੀ ਅਤੇ ਸੁਸ਼ਮਾ ਮਰਨ ਉਪਰੰਤ ਪਦਮ ਵਿਭੂਸ਼ਣ ਨਾਲ ਸਨਮਾਨਿਤ

241
ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੂੰ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕਰਦੇ ਹੋਏ ਰਾਸ਼ਟਰਪਤੀ ਰਾਮਨਾਥ ਕੋਵਿੰਦ।
Share

-ਰਾਸ਼ਟਰਪਤੀ ਨੇ 4 ਪਦਮ ਵਿਭੂਸ਼ਣ, 8 ਨੂੰ ਪਦਮ ਭੂਸ਼ਣ ਤੇ 61 ਨੂੰ ਪਦਮ ਸ੍ਰੀ ਨਾਲ ਨਿਵਾਜਿਆ
ਨਵੀਂ ਦਿੱਲੀ, 8 ਨਵੰਬਰ (ਪੰਜਾਬ ਮੇਲ)- ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਰਾਸ਼ਟਰਪਤੀ ਭਵਨ ’ਚ ਹੋਏ ਸਮਾਗਮ ਦੌਰਾਨ 73 ਹਸਤੀਆਂ ਨੂੰ ਪਦਮ ਪੁਰਸਕਾਰਾਂ ਨਾਲ ਨਿਵਾਜਿਆ। ਇਨ੍ਹਾਂ ’ਚੋਂ ਕੁਝ ਹਸਤੀਆਂ ਨੂੰ ਮਰਨ ਉਪਰੰਤ ਸਨਮਾਨ ਦਿੱਤਾ ਗਿਆ ਹੈ। ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਸਾਲ 2020 ਦੇ ਇਨ੍ਹਾਂ ਵਿਸ਼ੇਸ਼ ਪੁਰਸਕਾਰਾਂ ’ਚੋਂ 4 ਨੂੰ ਪਦਮ ਵਿਭੂਸ਼ਣ, 8 ਨੂੰ ਪਦਮ ਭੂਸ਼ਣ ਅਤੇ 61 ਨੂੰ ਪਦਮ ਸ੍ਰੀ ਨਾਲ ਨਿਵਾਜਿਆ ਗਿਆ ਹੈ। ਪਦਮ ਵਿਭੂਸ਼ਣ ਪੁਰਸਕਾਰ ਹਾਸਲ ਕਰਨ ਵਾਲਿਆਂ ’ਚ ਸਾਬਕਾ ਕੇਂਦਰੀ ਮੰਤਰੀ ਜੌਰਜ ਫਰਨਾਂਡਿਜ਼ (ਮਰਨ ਉਪਰੰਤ), ਅਰੁਣ ਜੇਤਲੀ (ਮਰਨ ਉਪਰੰਤ), ਸੁਸ਼ਮਾ ਸਵਰਾਜ (ਮਰਨ ਉਪਰੰਤ) ਅਤੇ ਹਿੰਦੂਸਤਾਨੀ ਕਲਾਸਿਕਲ ਗਾਇਕ ਪੰਡਿਤ ਛੰਨੂ ਲਾਲ ਮਿਸ਼ਰਾ ਸ਼ਾਮਲ ਹਨ। ਸ਼੍ਰੀ ਜੇਤਲੀ ਵੱਲੋਂ ਉਨ੍ਹਾਂ ਦੀ ਪਤਨੀ ਅਤੇ ਸੁਸ਼ਮਾ ਸਵਰਾਜ ਵੱਲੋਂ ਉਨ੍ਹਾਂ ਦੀ ਧੀ ਨੇ ਇਹ ਪੁਰਸਕਾਰ ਹਾਸਲ ਕੀਤੇ। ਰਾਸ਼ਟਰਪਤੀ ਨੇ ਪਦਮ ਭੂਸ਼ਣ ਪੁਰਸਕਾਰ ਨਾਲ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ, ਸਮਾਜ ਸੇਵਕ ਡਾਕਟਰ ਅਨਿਲ ਪ੍ਰਕਾਸ਼ ਜੋਸ਼ੀ, ਡਾਕਟਰ ਐੱਸ.ਸੀ. ਜਮੀਰ ਅਤੇ ਅਧਿਆਤਮਵਾਦ ਲਈ ਮੁਮਤਾਜ਼ ਅਲੀ ਨੂੰ ਨਿਵਾਜਿਆ। ਉਨ੍ਹਾਂ ਸੰਥਲੀ ਭਾਸ਼ਾ ਦੇ ਮਸ਼ਹੂਰ ਸਾਹਿਤਕਾਰ ਦਮਯੰਤੀ ਬੇਸ਼ਰਾ, ਟੀ.ਵੀ. ਅਤੇ ਫਿਲਮ ਅਦਾਕਾਰਾ ਸਰਿਤਾ ਜੋਸ਼ੀ, ਸੰਗੀਤਕਾਰ ਅਤੇ ਗਾਇਕ ਅਦਨਾਨ ਸਾਮੀ, ਅਦਾਕਾਰਾ ਕੰਗਨਾ ਰਣੌਤ, ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ, ਆਈ.ਸੀ.ਐੱਮ.ਆਰ. ਦੇ ਡਾਕਟਰ ਰਮਨ ਗੰਗਾਖੇਡਕਰ ਸਮੇਤ ਹੋਰਾਂ ਨੂੰ ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ।

Share