7 ਸਾਲਾ ਬੱਚੇ ਨੂੰ ਭੁੱਖਾ ਰੱਖਕੇ ਮਾਰਨ ਦੇ ਦੋਸ਼ਾਂ ਤਹਿਤ ਔਰਤ ਵਿਰੁੱਧ ਹੱਤਿਆ ਦੇ ਦੋਸ਼ ਆਇਦ

308
Share

* ਹੋ ਸਕਦੀ ਹੈ 25 ਸਾਲ ਦੀ ਸਜ਼ਾ
ਸੈਕਰਾਮੈਂਟੋ, 11 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਨਿਊਬੁਰਘ (ਨਿਊਯਾਰਕ) ’ਚ ਬੱਚਾ ਸੰਭਾਲ ਸੇਵਾਵਾਂ ਮੁਹੱਈਆ ਕਰਵਾਉਣ ਵਾਲੀ ਇਕ ਔਰਤ ਨੂੰ ਆਪਣੇ ਦੋਸਤ ਦੇ 7 ਸਾਲਾ ਲੜਕੇ ਨੂੰ ਭੁੱਖਾ ਰੱਖਕੇ ਮਾਰਨ ਦੇ ਦੋਸ਼ਾਂ ਤਹਿਤ ਗਿ੍ਰਫਤਾਰ ਕੀਤਾ ਗਿਆ ਹੈ। ਔਰੇਂਜ ਕਾਊਂਟੀ ਡਿਸਟਿ੍ਰਕਟ ਅਟਾਰਨੀ ਡੇਵਿਡ ਹੂਵਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਾਣਕਾਰੀ ਦਿੱਤੀ ਕਿ 39 ਸਾਲਾ ਲੈਟੀਸੀਆ ਬਰਾਵੋ ਨੂੰ ਬੱਚੇ ਪੀਟਰ ਕੂਆਕੁਆਸ ਦੀ ਹੱਤਿਆ ਦੇ ਦੋਸ਼ਾਂ ਤਹਿਤ 25 ਸਾਲ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਬਰਾਵੋ ਦੇ ਮਿੱਤਰ ਤੇ ਬੱਚੇ ਦੇ ਪਿਤਾ ਆਰਟੂਰੋ ਕੂਆਕੁਆਸ ਵਿਰੁੱਧ ਵੀ ਅਪਰਾਧਿਕ ਲਾਪ੍ਰਵਾਹੀ ਵਰਤਣ ਦੇ ਦੋਸ਼ ਲਾਏ ਗਏ ਹਨ, ਜਿਸ ਕਾਰਨ ਬੱਚੇ ਦੀ ਮੌਤ ਹੋਈ। ਇਸ ਸਾਲ ਦੇ ਸ਼ੁਰੂ ਵਿਚ 10 ਫਰਵਰੀ ਨੂੰ ਬਰਾਵੋ ਆਪਣੇ ਬੱਚੇ ਪੀਟਰ ਨੂੰ ਨਿਊਬੁਰਘ ਦੇ ਸੇਂਟ ਲੂਕ ਹਸਪਤਾਲ ’ਚ ਲੈ ਕੇ ਆਇਆ ਸੀ, ਜਿਥੇ ਉਸ ਨੂੰ ਡਾਕਟਰਾਂ ਨੇ ਮਿ੍ਰਤਕ ਐਲਾਨ ਦਿੱਤਾ। ਪੋਸਟਮਾਰਟਮ ਰਿਪੋਰਟ ’ਚ ਸਪੱਸ਼ਟ ਹੋਇਆ ਕਿ ਬੱਚੇ ਦੀ ਮੌਤ ਭੁੱਖ ਤੇ ਕੁਪੋਸ਼ਣ ਕਾਰਨ ਹੋਈ ਹੈ। ਮੌਤ ਸਮੇਂ ਬੱਚੇ ਦਾ ਭਾਰ ਤਕਰੀਬਨ 16 ਕਿਲੋਗ੍ਰਾਮ ਸੀ। ਬਰਾਵੋ ਨੇ ਕਥਿਤ ਤੌਰ ’ਤੇ ਪੀਟਰ ਨੂੰ ਇਕ ਕਮਰੇ ’ਚ ਬੰਦ ਰੱਖਿਆ, ਜਿਸ ਨੂੰ ਬਾਹਰੋਂ ਤਾਲਾ ਲਾ ਦਿੱਤਾ ਜਾਂਦਾ ਸੀ। ਡਿਸਟਿ੍ਰਕਟ ਅਟਾਰਨੀ ਡੇਵਿਡ ਹੂਵਲਰ ਨੇ ਦੱਸਿਆ ਕਿ ਜਨਵਰੀ 2021 ਤੋਂ ਬੱਚਾ ਕਦੀ ਵੀ ਸਕੂਲ ਨਹੀਂ ਗਿਆ, ਹਾਲਾਂਕਿ ਉਸ ਦੇ ਅਧਿਆਪਕਾਂ ਤੇ ਸਕੂਲ ਦੇ ਪ੍ਰਤੀਨਿੱਧੀਆਂ ਨੇ ਬਰਾਵੋ ਨਾਲ ਕਈ ਵਾਰ ਬੱਚੇ ਨੂੰ ਸਕੂਲ ਭੇਜਣ ਬਾਰੇ ਗੱਲ ਕੀਤੀ ਸੀ। ਅਟਾਰਨੀ ਨੇ ਕਿਹਾ ਕਿ ਇਹ ਕਿਸ ਤਰ੍ਹਾਂ ਸੋਚਿਆ ਜਾ ਸਕਦਾ ਹੈ ਕਿ ਕੋਈ ਬੱਚੇ ਦੀ ਸੰਭਾਲ ਦੀ ਜ਼ਿੰਮੇਵਾਰੀ ਲਵੇ ਤੇ ਬਾਅਦ ’ਚ ਬੱਚੇ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਤੋਂ ਹੀ ਮੂੰਹ ਮੋੜ ਲਵੇ। ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਬੱਚੇ ਦੀ ਮੌਤ ਤੋਂ ਪਹਿਲਾਂ ਉਸ ਨੂੰ ਸਕੂਲ ਦੇ ਅਧਿਕਾਰੀਆਂ ਤੋਂ ਕਿਸ ਤਰ੍ਹਾਂ ਛੁਪਾਅ ਕੇ ਰੱਖਿਆ ਗਿਆ, ਇਹ ਵੀ ਜਾਂਚ ਦਾ ਵਿਸ਼ਾ ਹੈ। ਬਰਾਵੋ ਨੂੰ ਨਿਊਬੁਰਘ ਪੁਲਿਸ ਵਿਭਾਗ ਨੇ ਗਿ੍ਰਫਤਾਰ ਕਰ ਲਿਆ ਹੈ ਤੇ ਉਸ ਨੂੰ ਔਰੇਂਜ ਕਾਊਂਟੀ ਜੇਲ੍ਹ ’ਚ ਰੱਖਿਆ ਗਿਆ ਹੈ। ਉਸ ਨੂੰ ਅਦਾਲਤ ’ਚ 26 ਅਕਤੂਬਰ ਨੂੰ ਪੇਸ਼ ਕੀਤਾ ਜਾਵੇਗਾ।

Share