7 ਲੱਖ ਤੋਂ ਵੱਧ ਅਮਰੀਕੀਆਂ ਨੇ ਪਿਛਲੇ ਹਫ਼ਤੇ ਬੇਰੁਜ਼ਗਾਰੀ ਦੇ ਲਾਭ ਲਈ ਦਾਅਵੇ ਕੀਤੇ ਦਾਖ਼ਲ

522
Share

ਫਰਿਜ਼ਨੋ, 18 ਨਵੰਬਰ (ਮਾਛੀਕੇ/ਪੰਜਾਬ ਮੇਲ)- ਇਸ ਸਾਲ ਸ਼ੁਰੂ ਹੋਈ ਕੋਰੋਨਾ ਮਹਾਮਾਰੀ ਨੇ ਸੰਸਾਰ ‘ਚ ਲੱਖਾਂ ਜਾਨਾਂ ਲੈਣ ਦੇ ਨਾਲ ਵੱਡੀਆਂ ਆਰਥਿਕ ਵਿਵਸਥਾਵਾਂ ਨੂੰ ਵੀ ਹਿਲਾ ਦਿੱਤਾ ਹੈ। ਅਮਰੀਕਾ ਵਿਚ ਵੀ ਇਸ ਦਾ ਅਸਰ ਵੇਖਣ ਨੂੰ ਮਿਲਿਆ ਹੈ। ਆਰਥਿਕ ਤੰਗੀ ਦੇ ਚੱਲਦਿਆਂ ਸੈਂਕੜੇ ਕਾਰੋਬਾਰ ਬੰਦ ਹੋ ਜਾਣ ਕਰਕੇ ਲੱਖਾਂ ਵਿਅਕਤੀ ਬੇਰੁਜ਼ਗਾਰ ਹੋ ਗਏ ਹਨ ਅਤੇ ਸਰਕਾਰ ਵੱਲੋਂ ਅਜਿਹੇ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ। ਇਸੇ ਸੰਬੰਧ ਵਿਚ ਲਗਭਗ 7,09,000 ਅਮਰੀਕੀਆਂ ਨੇ ਪਿਛਲੇ ਹਫ਼ਤੇ ਬੇਰੁਜ਼ਗਾਰੀ ਦੇ ਲਾਭ ਲਈ ਦਾਅਵੇ ਦਾਖ਼ਲ ਕੀਤੇ ਹਨ। ਰੁਜ਼ਗਾਰ ਵਿਭਾਗ ਨੇ ਵੀਰਵਾਰ ਨੂੰ ਇਨ੍ਹਾਂ ਅਧਿਕਾਰਤ ਅੰਕੜਿਆਂ ਦੀ ਜਾਣਕਾਰੀ ਦਿੱਤੀ ਹੈ। ਇਨ੍ਹਾਂ ਵਿਚ ਲਗਭਗ 3,00000 ਮਹਾਮਾਰੀ ਨਾਲ ਹੋਈ ਬੇਰੁਜ਼ਗਾਰੀ ਲਈ ਸਹਾਇਤਾ ਸੰਬੰਧੀ ਨਵੀਆਂ ਫਾਈਲਾਂ ਵੀ ਸਨ। ਇਹ ਪ੍ਰੋਗਰਾਮ ਉਨ੍ਹਾਂ ਲੋਕਾਂ ਨੂੰ ਲਾਭ ਦਿੰਦਾ ਹੈ, ਜੋ ਆਮ ਤੌਰ ‘ਤੇ ਸੂਬੇ ਦੀ ਸਹਾਇਤਾ ਲਈ ਯੋਗ ਨਹੀਂ ਹੁੰਦੇ ਜਿਨ੍ਹਾਂ ਵਿਚ ਸਵੈ-ਰੁਜ਼ਗਾਰ ਵਾਲੇ ਲੋਕ ਸ਼ਾਮਲ ਹਨ। ਇਸ ਸਮੇਂ ਦੇਸ਼ ਵਿਚ ਨੌਕਰੀਆਂ ਦੀ ਘਾਟ ਹੋਣ ਕਰਕੇ ਜ਼ਿਆਦਾ ਲੋਕ ਬੇਰੁਜ਼ਗਾਰੀ ਕਲੇਮ ਦੇ ਦਾਅਵੇ ਦਾਖ਼ਲ ਕਰ ਰਹੇ ਹਨ, ਜਦਕਿ ਇਸ ਤੋਂ ਪਹਿਲਾਂ ਸੀਜ਼ਨਲ ਉਤਾਰ-ਚੜ੍ਹਾਅ ਤੋਂ ਬਿਨਾਂ ਲਗਭਗ 1 ਮਿਲੀਅਨ ਦਾਅਵੇ ਕੀਤੇ ਗਏ ਸਨ। ਹਾਲਾਂਕਿ ਬਹੁਤ ਸਾਰੇ ਲੋਕ ਕੰਮ ‘ਤੇ ਵਾਪਸ ਚਲੇ ਵੀ ਗਏ ਹਨ ਪਰ ਲੱਖਾਂ ਅਜੇ ਵੀ ਰੁਜ਼ਗਾਰ ਪ੍ਰਾਪਤ ਨਹੀਂ ਕਰ ਸਕੇ ਹਨ।


Share