6 ਲੱਖ ਤੋਂ ਜ਼ਿਆਦਾ ਅਮਰੀਕੀਆਂ ਨੇ ਦਿੱਤੀ ਕੋਰੋਨਾਵਾਇਰਸ ਨੂੰ ਮਾਤ

712
Share

-19 ਲੱਖ ਦੇ ਕਰੀਬ ਅਮਰੀਕੀ ਲੋਕ ਕੋਰੋਨਾਵਾਇਰਸ ਦੀ ਲਪੇਟ ‘ਚ ਹ
-1 ਲੱਖ ਤੋਂ ਜ਼ਿਆਦਾ ਲੋਕਾਂ ਦੀ ਹੋਈ ਮੌਤ
-ਵਿਸ਼ਵ ਭਰ ‘ਚ 64 ਲੱਖ ਤੋਂ ਵੱਧ ਲੋਕ ਕੋਰੋਨਾਵਾਇਰਸ ਤੋਂ ਪੀੜਤ
ਵਾਸ਼ਿੰਗਟਨ, 3 ਜੂਨ (ਪੰਜਾਬ ਮੇਲ) ਅਮਰੀਕਾ ਵਿਚ ਕੋਰੋਨਾ ਵਾਇਰਸ ਨੇ ਕਹਿਰ ਮਚਾਇਆ ਹੋਇਆ ਹੈ। ਇਸ ਕਾਰਨ ਅਮਰੀਕਾ ‘ਚ ਹੁਣ ਤੱਕ 1 ਲੱਖ 6 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਤੇ 19 ਲੱਖ ਦੇ ਕਰੀਬ ਲੋਕ ਕੋਰੋਨਾਵਾਇਰਸ ਦੀ ਲਪੇਟ ‘ਚ ਹਨ। ਜੌਹਨ ਹੌਪਿੰਕਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਅਮਰੀਕਾ ‘ਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 1 ਲੱਖ 8 ਹਜ਼ਾਰ ਤੋਂ ਪਾਰ ਹੋ ਗਈ ਹੈ, ਜਦਿਕ ਪੀੜਤਾਂ ਦੀ ਗਿਣਤੀ 19 ਲੱਖ ਦੇ ਕਰੀਬ ਪਹੁੰਚ ਚੁੱਕੀ ਹੈ।
ਰਾਹਤ ਦੀ ਗੱਲ ਇਹ ਹੈ ਕਿ ਵੱਡੀ ਗਿਣਤੀ ‘ਚ ਲੋਕਾਂ ਨੇ ਕੋਰੋਨਾਵਾਇਰਸ ਨੂੰ ਮਾਤ ਵੀ ਦਿੱਤੀ ਹੈ। ਅਮਰੀਕਾ ‘ਚ 6 ਲੱਖ ਤੋਂ ਵਧੇਰੇ ਲੋਕ ਕੋਰੋਨਾ ਵਾਇਰਸ ਨਾਲ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਕੋਰੋਨਾ ਕਾਰਨ ਅਮਰੀਕਾ ਦਾ ਸੂਬਾ ਨਿਊਯਾਰਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸਿਰਫ ਨਿਊਯਾਰਕ ‘ਚ ਕੋਰੋਨਾ ਦੇ ਤਕਰੀਬਨ 4 ਲੱਖ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 30 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਨਿਊਜਰਸੀ ‘ਚ ਹੁਣ ਤੱਕ ਕੋਰੋਨਾਵਾਇਰਸ ਦੇ ਡੇਢ ਲੱਖ ਤੋਂ ਵੱਧ ਮਾਮਲੇ ਆਏ ਹਨ, ਜਦਕਿ 11 ਹਜ਼ਾਰ ਤੋਂ ਵੱਧ ਲੋਕਾਂ ਦੀ ਇਸ ਮਹਾਮਾਰੀ ਕਾਰਨ ਮੌਤ ਹੋ ਚੁੱਕੀ ਹੈ। ਕੈਲੀਫੋਰਨੀਆ ‘ਚ 1 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ 4300 ਤੋਂ ਜ਼ਿਆਦਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਸੈਕਰਾਮੈਂਟੋ ‘ਚ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 1400 ਤੋਂ ਉਪਰ ਹੈ ਅਤੇ ਇਸ ਵਾਇਰਸ ਨਾਲ 58 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਕ ਸਰਵੇ ਮੁਤਾਬਕ ਅਮਰੀਕਾ ‘ਚ ਮਾਰੇ ਜਾਣ ਵਾਲੇ ਲੋਕਾਂ ਵਿਚੋਂ ਇਕ ਤਿਹਾਈ ਨਰਸਿੰਗ ਹੋਮਜ਼ ਦੇ ਮਰੀਜ਼ ਸਨ।
ਇਸ ਦੇ ਇਲਾਵਾ ਮੈਸਾਚੁਸਟੇਸ, ਮਿਸ਼ੀਗਨ, ਇਲੀਨੋਇਸ, ਕੈਲੀਫੋਰਨੀਆ, ਲੂਸੀਆਨਾ ਅਤੇ ਪੈਨਸਿਲਵੇਨੀਆ ਵਰਗੇ ਸੂਬੇ ਵੀ ਕੋਰੋਨਾਵਾਇਰਸ ਦਾ ਪ੍ਰਕੋਪ ਝੱਲ ਰਹੇ ਹਨ।
ਵਿਸ਼ਵ ਭਰ ‘ਚ 64 ਲੱਖ ਤੋਂ ਵੱਧ ਲੋਕ ਕੋਰੋਨਾਵਾਇਰਸ ਤੋਂ ਪੀੜਤ ਹਨ। ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 3 ਲੱਖ 82 ਹਜ਼ਾਰ ਤੋਂ ਪਾਰ ਪਹੁੰਚ ਚੁੱਕੀ ਹੈ। ਜਦਕਿ 30 ਲੱਖ ਤੋਂ ਜ਼ਿਆਦਾ ਲੋਕ ਇਸ ਬਿਮਾਰੀ ਤੋਂ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ।


Share