57 ਕਾਂਗਰਸ ਮੈਂਬਰਾਂ ਵੱਲੋਂ ‘ਪਬਲਿਕ ਚਾਰਜ ਰੂਲ’ ਰੱਦ ਕਰਨ ਲਈ ਬਾਇਡਨ ਨੂੰ ਪੱਤਰ

428
Share

ਪ੍ਰਵਾਸੀਆਂ ਵਿਰੁੱਧ ਵਰਤਿਆ ਜਾ ਰਿਹੈ ‘ਪਬਲਿਕ ਚਾਰਜ ਰੂਲ’
ਸੈਕਰਾਮੈਂਟੋ, 18 ਜਨਵਰੀ (ਪੰਜਾਬ ਮੇਲ)- 57 ਕਾਂਗਰਸ ਮੈਂਬਰਾਂ ਨੇ ਰਾਸ਼ਟਰਪਤੀ ਚੁਣੇ ਗਏ ਜੋ ਬਾਈਡਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਅਹੁਦਾ ਸੰਭਾਲਣ ਉਪਰੰਤ ਉਹ ਤੁਰੰਤ ‘ਪਬਲਿਕ ਚਾਰਜ ਰੂਲ’ ਰੱਦ ਕਰ ਦੇਣ। ਪੱਤਰ ’ਚ ਕਿਹਾ ਗਿਆ ਹੈ ਕਿ ਪ੍ਰਵਾਸੀ ਭਾਈਚਾਰੇ ਵਿਚ ਖੌਫ ਪੈਦਾ ਹੋ ਗਿਆ ਹੈ। ਪਿਛਲੇ ਤਿੰਨ ਸਾਲਾਂ ਦੌਰਾਨ ਜਦੋਂ ਤੋਂ ਟਰੰਪ ਨੇ ਇਹ ਨਿਯਮ ਥੋਪਣਾ ਸ਼ੁਰੂ ਕੀਤਾ ਹੈ, ਪ੍ਰਵਾਸੀਆਂ ਨੇ ਸੰਘੀ ਲਾਭਾਂ ਲਈ ਆਪਣੇ ਆਪ ਨੂੰ ਦਰਜ ਕਰਵਾਉਣਾ ਬੰਦ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਵਿਚ ਡਰ ਪੈਦਾ ਹੋ ਗਿਆ ਹੈ ਕਿ ਇਸ ਨਾਲ ਗਰੀਨ ਕਾਰਡ ਲੈਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਸੱਟ ਵਜੇਗੀ। ਪੱਤਰ ’ਚ ਕਿਹਾ ਗਿਆ ਹੈ ਹਾਲਾਂਕਿ ਇਹ ਨਿਯਮ 1882 ਤੋਂ ਲਾਗੂ ਹਨ ਪਰ ਇਸ ਦੀ ਵਰਤੋਂ ਸ਼ਾਇਦ ਹੀ ਕਦੀ ਹੋਈ ਹੋਵੇ ਪਰ ਟਰੰਪ ਪ੍ਰਸ਼ਾਸਨ ਨੇ ਇਸ ਦੀ ਵਰਤੋਂ ਕੀਤੀ। ਪੱਤਰ ਅਨੁਸਾਰ ਇਸ ਨਿਯਮ ਦੀ ਵਰਤੋਂ ਕਰਕੇ ਯੂ.ਐੱਸ. ਸਿਟੀਜਨਸ਼ਿੱਪ ਤੇ ਇਮੀਗ੍ਰੇਸ਼ਨ ਸਰਵਿਸਜ, ਉਨ੍ਹਾਂ ਪ੍ਰਵਾਸੀਆਂ ਨੂੰ ਗਰੀਨ ਕਾਰਡ ਦੇਣ ਤੋਂ ਇਨਕਾਰ ਕਰ ਸਕਦੇ ਹਨ, ਜਿਨ੍ਹਾਂ ਨੇ ਆਰਜੀ ਸਹਾਇਤਾ ਜਾਂ ਨਕਦੀ ਰਾਹਤ ਸਮੇਤ ਕੋਈ ਵੀ ਸੰਘੀ ਲਾਭ ਲਿਆ ਹੋਵੇਗਾ। ਇਸ ਨਿਯਮ ਦੀ ਵਰਤੋਂ ਹੋਰ ਦੇਸ਼ਾਂ ਵਿਚਲੇ ਅਮਰੀਕੀ ਕੌਂਸਲਖਾਨੇ ਜਾਂ ਦੂਤਘਰ ਵੀ ਪ੍ਰਵਾਸੀਆਂ ਵਿਰੁੱਧ ਵਰਤ ਸਕਦੇ ਹਨ ਤੇ ਉਹ ਵੀਜ਼ਾ ਦੇਣ ਤੋਂ ਨਾਂਹ ਕਰ ਸਕਦੇ ਹਨ। ਪੱਤਰ ਵਿਚ ਬੇਨਤੀ ਕੀਤੀ ਗਈ ਹੈ ਕਿ ਉਮਰ, ਅੰਗਰੇਜ਼ੀ ਬੋਲਣ ਦੀ ਸਮਰੱਥਾ ਤੇ ਕੰਮ ਕਰਨ ਦੀ ਯੋਗਤਾ ਨੂੰ ਧਿਆਨ ’ਚ ਰੱਖਿਆ ਜਾਣਾ ਚਾਹੀਦਾ ਹੈ। ਜਦਕਿ ਪ੍ਰਵਾਸੀਆਂ ਦੇ ਵਕੀਲਾਂ ਦਾ ਕਹਿਣਾ ਹੈ ਕਿ ਇਸ ਨਿਯਮ ਤਹਿਤ ਵੱਡੀ ਉਮਰ ਦੇ ਲੋਕਾਂ ਨੂੰ ਅਮਰੀਕਾ ’ਚ ਦਾਖਲੇ ਤੋਂ ਇਨਕਾਰ ਕੀਤਾ ਜਾ ਸਕਦਾ ਹੈ। ਪੱਤਰ ਵਿਚ ਮੰਗ ਕੀਤੀ ਹੈ ਕਿ ਨਾਗਰਿਕਤਾ ਲੈਣ ਦੀ ਪ੍ਰਕਿਰਿਆ ਦੌਰਾਨ ਇਸ ਨਿਯਮ ਦੀ ਵਰਤੋਂ ਨਹੀਂ ਹੋਣੀ ਚਾਹੀਦੀ।

Share