5 ਸਾਲਾਂ ’ਚ ਬਣ ਕੇ ਤਿਆਰ ਹੋਇਆ ਟਰੰਪ ਪਰਿਵਾਰ ਦਾ ਹੋਟਲ 3 ਸਾਲਾਂ ’ਚ ਹੀ ਹੋਇਆ ਦੀਵਾਲੀਆ!

346
Share

-2700 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਸੀ 617 ਫੁੱਟ ਉੱਚੀ ਤੇ 63 ਮੰਜ਼ਿਲਾ ਇਮਾਰਤ
ਵੈਨਕੂਵਰ, 4 ਜਨਵਰੀ (ਪੰਜਾਬ ਮੇਲ)- ਵੈਨਕੂਵਰ ਦੇ ਮਹਿੰਗੇ ਹੋਟਲਾਂ ’ਚੋਂ ਇੱਕ ਟਰੰਪ ਹੋਟਲ ਨੂੰ ਚਾਰ ਮਹੀਨੇ ਪਹਿਲਾਂ ਪੱਕੇ ਤੌਰ ’ਤੇ ਤਾਲੇ ਲੱਗਣ ਮਗਰੋਂ ਹੁਣ ਉਥੇ ਉੱਲੂ ਬੋਲਣ ਲੱਗ ਪਏ ਹਨ। ਸ਼ਹਿਰ ਦੇ ਪੌਸ਼ ਇਲਾਕੇ ਜੌਰਜੀਆ ਸਟਰੀਟ ’ਤੇ 2700 ਕਰੋੜ ਰੁਪਏ ਦੀ ਲਾਗਤ ਨਾਲ ਪੰਜ ਸਾਲਾਂ ਵਿਚ ਬਣ ਕੇ ਤਿਆਰ ਹੋਏ ਇਸ ਹੋਟਲ ਦਾ ਨਾਂ ਹੀ ਇਸ ਨੂੰ ਲੈ ਡੁੱਬਿਆ ਹੈ। ਇੰਟਰਨੈਸ਼ਨਲ ਟਰੰਪ ਹੋਟਲ ਐਂਡ ਟਾਵਰਜ਼ ਦਾ ਨਿਰਮਾਣ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਧੀ ਐਰਿਕ ਟਰੰਪ ਤੇ ਪੁੱਤਰ ਡੋਨਲਡ ਜੂਨੀਅਰ ਦੀ ਮਾਲਕੀ ਵਾਲੀ ਕੰਪਨੀ ਟੀਏ ਹੋਟਲ ਮੈਨੇਜਮੈਂਟ ਨੇ 2012 ਵਿਚ ਸ਼ੁਰੂ ਕੀਤਾ ਸੀ। ਪੰਜ ਸਾਲਾਂ ਵਿਚ ਬਣ ਕੇ ਤਿਆਰ ਹੋਈ ਇਸ 617 ਫੁੱਟ ਉੱਚੀ, 63 ਮੰਜ਼ਿਲਾ ਇਮਾਰਤ ਵਿਚ 147 ਕਮਰੇ, 220 ਅਪਾਰਟਮੈਂਟ ਤੇ 346 ਵਾਹਨਾਂ ਦੀ ਪਾਰਕਿੰਗ ਬਣਾਈ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਫਰਵਰੀ 2017 ’ਚ ਇਸ ਹੋਟਲ ਦੀ ਸ਼ੁਰੂਆਤ ਕੀਤੀ ਗਈ, ਪਰ ਉਸ ਵੇਲੇ ਵੈਨਕੂਵਰ ਦੇ ਮੇਅਰ ਗਰੈਗਰ ਰੌਬਰਟਸਨ ਤੇ ਹੋਰ ਆਗੂਆਂ ਨੇ ਹੋਟਲ ਮਾਲਕਾਂ ਵੱਲੋਂ ਦਿੱਤੇ ਸੱਦੇ ਨਕਾਰ ਦਿੱਤੇ ਸਨ। ਸਾਬਕਾ ਅਮਰੀਕੀ ਰਾਸ਼ਟਰਪਤੀ ਦੇ ਪਰਛਾਵੇਂ ਕਾਰਨ ਇਹ ਹੋਟਲ ਗਾਹਕਾਂ ਦੀ ਪਸੰਦ ਨਾ ਬਣ ਸਕਿਆ ਤੇ ਕਰੋਨਾ ਪਾਬੰਦੀਆਂ ਦੌਰਾਨ ਇਹ ਹੋਟਲ ਅਖੀਰ ਦਮ ਤੋੜ ਗਿਆ। ਬੀਤੇ ਅਪਰੈਲ ਮਹੀਨੇ ਵਿਚ ਹੋਟਲ ਅਸਥਾਈ ਤੇ ਅਗਸਤ ਵਿਚ ਪੱਕੇ ਤੌਰ ’ਤੇ ਬੰਦ ਕਰ ਦਿੱਤਾ ਗਿਆ, ਜਿਸ ਮਗਰੋਂ ਕੰਪਨੀ ਨੇ ਖ਼ੁਦ ਨੂੰ ਦੀਵਾਲੀਆ ਐਲਾਨ ਦਿੱਤਾ।
ਜ਼ਿਕਰਯੋਗ ਹੈ ਕਿ ਬੀਤੇ ਮਹੀਨੇ ਇਸ ਹੋਟਲ ਦੇ ਮੁੱਖ ਗੇਟ ’ਤੇ ਲਿਖੇ ਨਾਮ ਵਿਚੋਂ ‘ਟਰੰਪ’ ਸ਼ਬਦ ਹਟਾ ਦਿੱਤਾ ਗਿਆ ਸੀ। ਪਤਾ ਲਗਾ ਹੈ ਕਿ ਦੀਵਾਲੀਆ ਐਲਾਨਣ ਸਬੰਧੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੁਣ ਇਸ ਦੀ ਉਸਾਰੀ ਕਰਨ ਵਾਲੀ ਕੰਪਨੀ ਇਸ ਨੂੰ ਖਰੀਦਣ ਵਿਚ ਦਿਲਚਸਪੀ ਦਿਖਾ ਰਹੀ ਹੈ। ਉਚਾਈ ਦੇ ਲਿਹਾਜ਼ ਨਾਲ ਇਸ ਹੋਟਲ ਦਾ ਵੈਨਕੂਵਰ ਵਿਚ ਦੂਜਾ ਨੰਬਰ ਹੈ ਤੇ ਸ਼ਹਿਰ ਦੀ ਸਭ ਤੋਂ ਉੱਚੀ ਇਮਾਰਤ ਵੀ ਇੱਕ ਹੋਟਲ ਦੀ ਹੈ ਤੇ ਇਸ ਹੋਟਲ ਤੋਂ 25 ਫੁੱਟ ਉੱਚੀ ਹੈ।

Share