5 ਜੂਨ ਨੂੰ ਪਹਿਲੀ ਵਾਰ ਏਅਰ ਇੰਡੀਆ ਦੀ ਔਕਲੈਂਡ ਪਹੁੰਚੀ ਨਾਨ ਸਟਾਪ ਫਲਾਈਟ ਦਾ ਇਕ ਜੋੜਾ ਕਰੋਨਾ ਪਾਜ਼ੇਟਿਵ ਆਇਆ

655
Share

ਔਕਲੈਂਡ, 20 ਜੂਨ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਨਿਊਜ਼ੀਲੈਂਡ ਦੇ ਵਿਚ ਕਰੋਨਾ ਕੇਸਾਂ ਦੀ ਮੁੜ ਵਧ ਰਹੀ ਗਿਣਤੀ ਨੂੰ ਲੈ ਕੇ ਹਰ ਕੋਈ ਚਿੰਤਤ ਹੈ। ਹੁਣ ਤੱਕ ਲੌਕਡਾਊਨ ਦੌਰਾਨ ਚੱਲੀਆਂ ਵਿਸ਼ੇਸ਼ ਫਲਾਈਟਾਂ ਦੇ ਰਾਹੀਂ ਇੰਡੀਆ ਤੋਂ ਆਏ ਸੈਂਕੜੇ ਯਾਤਰੀ ਇਸ ਉਲਾਂਭੇ ਤੋਂ ਬਚੇ ਹੋਏ ਸਨ, ਉਨ੍ਹਾਂ ਦੇ ਕਾਰਨ ਇਕ ਵੀ ਕਰੋਨਾ ਦਾ ਕੇਸ ਇਥੇ ਨਹੀਂ ਪਹੁੰਚਿਆ। ਪਰ ਜਿਵੇਂ ਕਹਿੰਦੇ ਨੇ ਕਿ ਜਿਸ ਦਾ ਡਰ ਥਾ ਵੋਹੀ ਬਾਤ ਹੋ ਗਈ। ਅਜਿਹਾ ਉਲਾਂਭਾ ਅੱਜ ਆ ਹੀ ਗਿਆ। ਅੱਜ ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਵਿਚ ਦੱਸਿਆ ਗਿਆ ਕਿ ਦੇਸ਼ ਦੇ ਵਿਚ ਹੁਣ 2 ਹੋਰ ਕਰੋਨਾ ਕੇਸ ਐਕਟਿਵ ਹੋ ਗਏ ਹਨ ਅਤੇ ਕੁੱਲ ਗਿਣਤੀ ਪੰਜ ਹੋ ਗਈ ਹੈ।  ਅੱਜ ਦੋ ਨਵੇਂ ਕੇਸਾਂ ਵਿਚ ਵਾਧਾ ਕਰਨ ਵਾਲਾ ਇਹ ਭਾਰਤੀ ਨੌਜਵਾਨ ਜੋੜਾ 20 ਕੁ ਸਾਲਾਂ ਦੀ ਉਮਰ ਵਿਚ ਹੈ ਅਤੇ ਇਕ ਉਨ੍ਹਾਂ ਦਾ ਬੱਚਾ ਵੀ ਹੈ ਜਿਸ ਦਾ ਅਜੇ ਟੈਸਟ ਨਹੀਂ ਕੀਤਾ ਗਿਆ। ਇਹ ਜੋੜਾ ਏਅਰ ਇੰਡੀਆ ਦੀ ਇਤਿਹਾਸਕ ਕਹੀ ਗਈ  ਫਲਾਈਟ ਜੋ ਕਿ ਨਾਨ ਸਟਾਪ ਅਤੇ ਪਹਿਲੀ ਵਾਰ ਦਿੱਲੀ ਤੋਂ ਔਕਲੈਂਡ 5 ਜੂਨ ਨੂੰ ਆਈ ਸੀ, ਦੇ ਵਿਚ ਸਫਰ ਕਰਕੇ ਇਥੇ ਪਹੁੰਚਿਆ ਸੀ। ਸਿਹਤ ਮਾਹਿਰ ਸਮਝਦੇ ਹਨ ਕਿ ਜਦੋਂ ਇਹ ਜੋੜਾ ਇੰਡੀਆ ਤੋਂ ਆਇਆ ਹੋਵੇਗਾ, ਹੋ ਸਕਦਾ ਹੈ ਆਖਰੀ ਸਮੇਂ ਦੇ ਵਿਚ ਉਨ੍ਹਾਂ ਨੂੰ ਕਰੋਨਾ ਵਾਇਰਸ ਹੋ ਗਿਆ ਹੋਵੇ, ਜਿਸ ਕਰਕੇ ਇਸਦਾ ਬਹੁਤ ਲੇਟ ਪਤਾ ਲੱਗਾ। 14 ਦਿਨ ਦੇ ਏਕਾਂਤਵਾਸ ਦੌਰਾਨ ਰੋਜ਼ਾਨਾ ਦੀ ਚੈਕਅਪ ਵਿਚ ਉਨ੍ਹਾਂ ਦੇ ਕੋਈ ਅਜਿਹੇ ਲੱਛਣ ਨਜ਼ਰ ਨਹੀਂ ਆਏ ਜਿਸ ਨਾਲ ਪ੍ਰਤੀਤ ਹੁੰਦਾ ਹੋਵੇ ਕਿ ਉਨ੍ਹਾਂ ਨੂੰ ਕਰੋਨਾ ਵਾਇਰਸ ਹੈ। ਇਸ ਜੋੜੇ ਨੂੰ ਗ੍ਰੈਂਡ ਮਿਲੇਨੀਅਮ ਹੋਟਲ ਔਕਲੈਂਡ ਸਿਟੀ  ਤੋਂ ਜੈਟ ਪਾਰਕ ਹੋਟਲ ਔਕਲੈਂਡ ਤਬਦੀਲ ਕੀਤਾ ਗਿਆ ਹੈ ਜਿਥੇ ਕੁਝ ਜਿਆਦਾ ਪ੍ਰਬੰਧ ਹੋਣਗੇ। ਹੁਣ ਗ੍ਰੈਂਡ ਮਿਲੇਨੀਅਮ ਹੋਟਲ ਦੇ ਵਿਚ ਸਾਰੇ ਠਹਿਰੇ ਸਾਰੇ ਯਾਤਰੀਆਂ (5 ਜੂਨ ਫਲਾਈਟ) ਦਾ ਟੈਸਟ ਕੀਤਾ ਜਾ ਰਿਹਾ ਹੈ। ਸਿਹਤ ਅਧਿਕਾਰੀ ਹੋਟਲ ਦੇ ਸੀ.ਸੀ. ਟੀ.ਵੀ. ਕੈਮਰੇ ਚੈਕ ਕਰਨਗੇ ਜਿੱਥੋ ਹੋਰ ਪਤਾ ਲੱਗ ਸਕੇ ਕਿ ਇਹ ਜੋੜਾ ਕਿਸ-ਕਿਸ ਦੇ ਸੰਪਰਕ ਵਿਚ ਰਿਹਾ। ਬੀਤੇ ਕੱਲ੍ਹ ਦੇਸ਼ ਵਿਚ 7707 ਹੋਰ ਟੈਸਟ ਕੀਤੇ ਗਏ। 24 ਦਿਨ ਤੱਕ ਦੇਸ਼ ਵਿਚ ਕੋਈ ਵੀ ਨਵਾਂ ਕੇਸ ਨਹੀਂ ਆਇਆ ਸੀ ਪਰ ਬੀਤੇ ਮੰਗਲਵਾਰ ਯੂ.ਕੇ. ਤੋਂ ਆਈਆਂ ਦੋ ਭੈਣਾਂ ਦੇ ਕਰੋਨਾ ਪਾਜ਼ੇਟਿਵ ਆਉਣ ਨਾਲ ਕਰੋਨਾ ਦੀ ਦੁਬਾਰਾ ਦਸਤਕ ਹੋ ਗਈ ਸੀ। ਇਸ ਤੋਂ ਬਾਅਦ ਇਕ ਪਾਕਿਸਤਾਨੀ ਵਿਅਕਤੀ ਪਾਜ਼ੇਟਿਵ ਪਾਇਆ ਗਿਆ। ਹੁਣ ਤੱਕ ਦੇਸ਼ ਵਿਚ 1509 ਲੋਕ  ਕਰੋਨਾ ਦੀ ਮਾਰ ਹੇਠ ਆਏ ਜਿਸ ਵਿਚੋਂ 1482 ਠੀਕ ਹੋ ਗਏ ਅਤੇ ਇਸ ਵੇਲੇ 5 ਕੇਸ ਐਕਟਿਵ ਹਨ। ਮੌਤਾਂ ਦੀ ਗਿਣਤੀ 22 ਹੈ।   ਦੇਸ਼ ਨੂੰ ਜਿੱਥੇ ਆਪਣੇ ਨਾਗਰਿਕਾਂ, ਪੱਕੇ ਵਸਨੀਕਾਂ ਨੂੰ ਵਾਪਿਸ ਲਿਆਉਣ ਦਾ ਫਿਕਰ ਹੈ ਉਥੇ ਬਾਰਡਰ ਤੋਂ ਬਾਰਡਰ ਕਰੋਨਾ ਵਾਇਰਸ ਦੀ ਆਮਦ ਨੂੰ ਰੋਕਣ ਦੀ ਵੀ ਚਿੰਤਾ ਹੈ।


Share