47 ਸਾਲ ਪਹਿਲਾਂ ਲਾਪਤਾ ਹੋਈ ਲੜਕੀ ਦੀ ਲਾਸ਼ ਦੀ ਸ਼ਨਾਖਤ ਡੀ.ਐੱਨ.ਏ. ਰਾਹੀਂ ਹੋਈ

58
ਗਿਲਡਾਵੀ ਦੀ ਇਕ ਪੁਰਾਣੀ ਤਸਵੀਰ ਉਸ ਦੀ ਭੈਣ ਵਿਖਾਉਂਦੀ ਹੋਈ।
Share

ਸੈਕਰਾਮੈਂਟੋ, 28 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਵਰਜੀਨੀਆ ਪੁਲਿਸ ਨੇ 47 ਸਾਲ ਤੋਂ ਵੀ ਵਧ ਸਮਾਂ ਪਹਿਲਾਂ ਲਾਪਤਾ ਹੋਈ 17 ਸਾਲਾ ਲੜਕੀ ਦੀ ਲਾਸ਼ ਦੀ ਸ਼ਨਾਖਤ ਕਰ ਲਈ ਹੈ। ਹਾਲਾਂਕਿ ਫੇਅਰਫੈਕਸ ਕਾਊਂਟੀ ਦੀ ਵਸਨੀਕ ਪੈਟਰੀਸੀਆ ਏਜਨਸ ਗਿਲਡਾਵੀ ਜੋ 8 ਫਰਵਰੀ 1975 ਨੂੰ ਲਾਪਤਾ ਹੋਈ ਸੀ, ਦੀ ਲਾਸ਼ ਜੋ ਬੁਰੀ ਤਰ੍ਹਾਂ ਗਲੀ-ਸੜੀ ਹੋਈ ਸੀ, 26 ਸਾਲਾ ਤੋਂ ਵਧ ਸਮਾਂ ਪਹਿਲਾਂ ਇਕ ਡਰੇਨ ਵਿਚੋਂ ਬਰਾਮਦ ਕਰ ਲਈ ਸੀ ਪਰੰਤੂ ਲਾਸ਼ ਦੀ ਸ਼ਨਾਖਤ ਹੁਣ ਆ ਕੇ ਐਡਵਾਂਸ ਡੀ.ਐੱਨ.ਏ. ਤਕਨੀਕ ਰਾਹੀਂ ਕੀਤੀ ਗਈ ਹੈ। ਪੁਲਿਸ ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ ਲੜਕੀ ਜੋ ਚੌਬੀ ਗਿਲਡਾਵੀ ਦੇ ਨਾਂ ਨਾਲ ਜਾਣੀ ਜਾਂਦੀ ਸੀ, ਦਾ ਗਲਿਆ-ਸੜਿਆ ਪਿੰਜਰ 27 ਸਤੰਬਰ, 2001 ਨੂੰ ਮਿਲਿਆ ਸੀ। ਸ਼ੁਰੂ ਵਿਚ ਜਾਂਚਕਾਰਾਂ ਨੇ ਸਮਝਿਆ ਸੀ ਕਿ ਇਹ ਲਾਸ਼ ਇਕ ਅਫਰੀਕਨ-ਅਮਰੀਕਨ ਲੜਕੀ ਦੀ ਹੈ, ਜਿਸ ਦੀ ਮੌਤ ਸਿਰ ਵਿਚ ਗੋਲੀ ਲੱਗਣ ਕਾਰਨ ਹੋਈ ਸੀ। ਹੁਣ ਆ ਕੇ ਟੈਕਸਾਸ ਦੀ ਓਥਰਮ ਇੰਕ ਲੈਬਾਰਟਰੀ ਨੇ ਐਡਵਾਂਸ ਡੀ.ਐੱਨ.ਏ. ਤਕਨੀਕ ਰਾਹੀਂ ਪਤਾ ਲਾਇਆ ਕਿ ਇਹ ਲਾਸ਼ ਗਿਲਡਾਵੀ ਦੀ ਹੈ। ਗਿਲਡਾਵੀ ਦੇ ਰਿਸ਼ਤੇਦਾਰਾਂ ਨੇ ਡੀ.ਐੱਨ.ਏ. ਰਾਹੀਂ ਨਿਕਲੇ ਸਿੱਟੇ ਉਪਰ ਤਸੱਲੀ ਪ੍ਰਗਟ ਕੀਤੀ ਹੈ।

Share