4 ਅਹਿਮ ਸੂਬਿਆਂ ‘ਚ ਜੋਅ ਬਾਇਡਨ, ਰਾਸ਼ਟਰਪਤੀ ਟਰੰਪ ਦੇ ਮੁਕਾਬਲੇ ਅੱਗੇ : ਸਰਵੇਖਣ

521
Share

ਵਾਸ਼ਿੰਗਟਨ, 2 ਨਵੰਬਰ (ਪੰਜਾਬ ਮੇਲ)-ਅਮਰੀਕਾ ਵਿਚ ਇਕ ਨਵੇਂ ਸਰਵੇਖਣ ਮੁਤਾਬਕ ਰਾਸ਼ਟਰਪਤੀ ਚੋਣਾਂ ਦੇ ਲਿਹਾਜ਼ ਨਾਲ ਸਭ ਤੋਂ ਅਹਿਮ 4 ਸੂਬਿਆਂ ਵਿਚ ਜੋਅ ਬਾਇਡਨ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੁਕਾਬਲੇ ਅੱਗੇ ਦਿੱਖ ਰਹੇ ਹਨ। ਇਸ ਸਰਵੇਖਣ ਮੁਤਾਬਕ 2016 ਦੀਆਂ ਚੋਣਾਂ ਵਿਚ ਹਿੱਸਾ ਨਾ ਲੈਣ ਵਾਲੇ ਲੋਕ ਅਤੇ ਇਸ ਵਾਰ ਮੰਗਲਵਾਰ ਨੂੰ ਵੱਡੀ ਗਿਣਤੀ ‘ਚ ਵੋਟਿੰਗ ਲਈ ਨਿਕਲਣ ਦੀ ਚਾਅ ਰੱਖਣ ਵਾਲੇ ਲੋਕਾਂ ਦਾ ਸਮਰਥਨ ਡੈਮੋਕ੍ਰੇਟ ਖੇਮੇ ਵੱਲ ਹੋ ਸਕਦਾ ਹੈ, ਜਿਸ ਦੇ ਉਮੀਦਵਾਰ ਬਾਇਡਨ ਹਨ।
ਵੋਟਿੰਗ ਤੋਂ ਪਹਿਲਾਂ ਦੇ ਸਰਵੇਖਣ ਮੁਤਾਬਕ ਸਾਬਕਾ ਉਪ ਰਾਸ਼ਟਰਪਤੀ ਬਾਇਡਨ (77) ਵਿਸਕਾਨਸਿਨ, ਪੈਨਸਿਲਵੇਨੀਆ, ਫਲੋਰੀਡਾ ਅਤੇ ਐਰੀਜ਼ੋਨਾ ਵਿਚ ਰਿਪਬਲਿਕਨ ਉਮੀਦਵਾਰ ਟਰੰਪ ਤੋਂ ਅੱਗੇ ਰਹਿ ਸਕਦੇ ਹਨ। ਇਸ ਤੋਂ ਪਹਿਲਾਂ ‘ਦਿ ਟਾਈਮਸ’ ਵੱਲੋਂ ਕਰਾਏ ਗਏ ਪੋਲ ਵਿਚ ਬਾਇਡਨ ਨੂੰ 74 ਸਾਲਾ ਟਰੰਪ ਤੋਂ ਅੱਗੇ ਦੱਸਿਆ ਗਿਆ ਸੀ। ਉਥੇ ਹੀ ਰਾਸ਼ਟਰਪਤੀ ਟਰੰਪ ਵੱਲੋਂ ਰੈਲੀਆਂ ਵਿਚ ਕਈ ਵਾਰ ਇਹ ਆਖਿਆ ਗਿਆ ਹੈ ਕਿ ਉਹ ਮੀਡੀਆ ਵੱਲੋਂ ਪੇਸ਼ ਕੀਤੇ ਗਏ ਸਰਵੇਖਣਾਂ ਨੂੰ ਸਿਰੇ ਤੋਂ ਖਾਰਿਜ਼ ਕਰਦੇ ਹਨ।
ਦੱਸ ਦਈਏ ਕਿ 2016 ‘ਚ ਹੋਈਆਂ ਚੋਣਾਂ ਨੂੰ ਲੈ ਕੇ ਵੀ ਉਦੋਂ ਟਰੰਪ ਨੇ ਇਹ ਬਿਆਨ ਦਿੱਤਾ ਸੀ ਕਿ ਉਹ ਇਸ ਤਰ੍ਹਾਂ ਦੇ ਸਾਰੇ ਸਰਵੇਖਣਾਂ ਨੂੰ ਖਾਰਿਜ਼ ਕਰਦੇ ਹਨ, ਜਿਸ ਵਿਚ ਉਨ੍ਹਾਂ ਨੂੰ ਪਿੱਛੇ ਦਿਖਾਇਆ ਜਾ ਰਿਹਾ ਹੈ। ਬੇਸ਼ੱਕ ਇਸ ਵਾਰ ਅਮਰੀਕੀ ਚੋਣਾਂ ਵਿਚ ਜੋਅ ਬਾਇਡਨ ਅਤੇ ਰਾਸ਼ਟਰਪਤੀ ਟਰੰਪ ਵਿਚ ਸਖਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। 3 ਨਵੰਬਰ ਨੂੰ ਅਮਰੀਕੀ ਰਾਸ਼ਟਰਪਤੀ ਚੋਣਾਂ ਹਨ ਅਤੇ ਹੁਣ ਦੇਖਣਾ ਇਹ ਹੋਵੇਗਾ ਕਿ ਟਰੰਪ ਦੂਜੀ ਵਾਰ ਰਾਸ਼ਟਰਪਤੀ ਦਾ ਕਾਰਜਕਾਲ ਸੰਭਾਲ ਪਾਉਂਦੇ ਹਨ ਜਾਂ ਵ੍ਹਾਈਟ ਹਾਊਸ ਵਿਚ ਇਸ ਵਾਰ ਡੈਮੋਕ੍ਰੇਟ ਉਮੀਦਵਾਰ ਬਾਇਡੇਨ ਦੀ ਐਂਟਰੀ ਹੋਵੇਗੀ।


Share