361
ਟਿੱਕਰੀ ਬਾਰਡਰ ਦਿੱਲੀ ਕਿਸਾਨ ਮੋਰਚਾ।
Share

ਐੱਮਐੱਸਪੀ, ਪੁਲਿਸ ਕੇਸਾਂ ਦੀ ਵਾਪਸੀ, ਸ਼ਹੀਦਾਂ ਦੇ ਵਾਰਸਾਂ ਨੂੰ ਮੁਆਵਜ਼ਾ ਆਦਿ ਰਹਿੰਦੀਆਂ ਮੰਗਾਂ ਲਈ ਭਾਕਿਯੂ (ਉਗਰਾਹਾਂ) ਵੱਲੋਂ ਸੰਘਰਸ਼ ਦੇ ਮੈਦਾਨ ਵਿੱਚ ਡਟਣ ਦਾ ਐਲਾਨ
ਨਵੀਂ ਦਿੱਲੀ, 5 ਦਸੰਬਰ (ਦਲਜੀਤ ਕੌਰ ਭਵਾਨੀਗੜ੍ਹ/ਪੰਜਾਬ ਮੇਲ)- ਕਿਸਾਨ ਘੋਲ਼ ਦੇ ਅਹਿਮ ਮੋੜ ‘ਤੇ ਅੱਜ ਇੱਥੇ ਬੀਬੀ ਗੁਲਾਬ ਕੌਰ ਨਗਰ (ਪਕੌੜਾ ਚੌਕ ਟਿਕਰੀ ਬਾਰਡਰ) ਵਿਖੇ ਪੱਕੇ ਸ਼ੈੱਡ ਵਿੱਚ ਹੋਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਵਿਸ਼ਾਲ ਰੈਲੀ ਮੌਕੇ ਪੰਡਾਲ ਵਿੱਚ ਔਰਤਾਂ, ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨਾਂ ਦੇ ਹਜ਼ਾਰਾਂ ਦੀ ਤਾਦਾਦ ਵਿੱਚ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਸਾਲ ਤੋਂ ਵੀ ਵੱਧ ਸਮੇਂ ਤੋਂਂ ਪੂਰੇ ਸਿਦਕ ਸਿਰੜ ਨਾਲ ਮੁਲਕ ਪੱਧਰੇ ਸਾਂਝੇ ਕਿਸਾਨ ਘੋਲ਼ ਦੇ ਮੈਦਾਨ ਵਿੱਚ ਡਟੇ ਹੋਏ ਜੁਝਾਰੂ ਲੋਕਾਂ ਦੀ ਜੈ ਜੈਕਾਰ ਕੀਤੀ। ਸੈਂਕੜੇ ਸ਼ਹਾਦਤਾਂ ਅਤੇ ਹੋਰ ਅਨੇਕਾਂ ਦੁਸ਼ਵਾਰੀਆਂ ਨੂੰ ਝੱਲ ਕੇ ਵੀ ਸਾਮਰਾਜੀ ਕਾਰਪੋਰੇਟਾਂ ਪੱਖੀ ਮੋਦੀ ਸਰਕਾਰ ਦੀ ਅੜੀ ਭੰਨ ਕੇ ਤਿੰਨੇ ਕਾਲ਼ੇ ਖੇਤੀ ਕਾਨੂੰਨ ਰੱਦ ਕਰਵਾਉਣ ਨੂੰ ਜਥੇਬੰਦ ਲੋਕ ਤਾਕਤ ਦੀ ਸ਼ਾਨਦਾਰ ਜਿੱਤ ਕਰਾਰ ਦਿੱਤਾ। ਪ੍ਰੰਤੂ ਘੋਲ਼ ਦੀਆਂ ਰਹਿੰਦੀਆਂ ਅਹਿਮ ਮੰਗਾਂ ਪ੍ਰਤੀ ਮੋਦੀ ਸਰਕਾਰ ਵੱਲੋਂ ਧਾਰਨ ਕੀਤੇ ਗਏ ਟਾਲਮਟੋਲ ਵਾਲੇ ਅੜੀਖੋਰ ਵਤੀਰੇ ਦੀ ਸਖ਼ਤ ਨਿੰਦਾ ਕੀਤੀ। ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਵਾਂਗ ਹੀ ਸਰਕਾਰ ਦੀ ਇਸ ਅੜੀ ਨੂੰ ਵੀ ਲੋਕ ਤਾਕਤ ਦੇ ਜ਼ੋਰ ਭੰਨਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨ ਕੀਤੇ ਜਾਣ ਵਾਲੇ ਅਗਲੇ ਸੰਘਰਸ਼ ਨੂੰ ਜਥੇਬੰਦੀ ਵੱਲੋਂ ਪਹਿਲਾਂ ਵਾਂਗ ਹੀ ਪੂਰਾ ਤਾਣ ਲਾ ਕੇ ਲਾਗੂ ਕੀਤਾ ਜਾਵੇਗਾ।
ਸੂਬਾ ਕਮੇਟੀ ਮੈਂਬਰ ਜਗਤਾਰ ਸਿੰਘ ਕਾਲਾਝਾੜ ਨੇ ਦੱਸਿਆ ਕਿ ਇਨ੍ਹਾਂ ਅਹਿਮ ਮੰਗਾਂ ਵਿੱਚ ਦੇਸ਼ ਭਰ ਦੇ ਕਿਸਾਨਾਂ ਲਈ ਐੱਮ ਐੱਸ ਪੀ ‘ਤੇ ਸਾਰੀਆਂ ਫ਼ਸਲਾਂ ਦੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ; ਬਿਜਲੀ ਬਿੱਲ 2020 ਰੱਦ ਕਰਨ ਅਤੇ ਜਨਤਕ ਵੰਡ ਪ੍ਰਣਾਲੀ ਪੂਰੀ ਮਜ਼ਬੂਤ ਕਰਨ ਤੋਂ ਇਲਾਵਾ ਘੋਲ਼ ਦੌਰਾਨ ਮੜ੍ਹੇ ਸਾਰੇ ਪੁਲਿਸ ਕੇਸ ਵਾਪਸ ਲੈਣ; 700 ਤੋਂ ਵੱਧ ਸ਼ਹੀਦ ਹੋਏ ਕਿਸਾਨਾਂ, ਮਜ਼ਦੂਰਾਂ, ਔਰਤਾਂ, ਨੌਜਵਾਨਾਂ ਦੇ ਵਾਰਸਾਂ ਨੂੰ ਢੁੱਕਵੇਂ ਮੁਆਵਜ਼ੇ ਤੇ ਪੱਕੀ ਸਰਕਾਰੀ ਨੌਕਰੀ ਦੇਣ ਤੋਂ ਇਲਾਵਾ ਲਖੀਮਪੁਰ ਖੀਰੀ ਕਤਲੇਆਮ ਦੀ ਸਾਜ਼ਿਸ਼ ਦੇ ਦੋਸ਼ੀ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਣੀ ਨੂੰ ਅਹੁਦੇ ਤੋਂ ਬਰਖਾਸਤ ਕਰਕੇ ਜੇਲ੍ਹ ਭੇਜਣ ਸਮੇਤ ਸਾਰੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦੇਣ ਵਰਗੀਆਂ ਮੰਗਾਂ ਸ਼ਾਮਲ ਹਨ।
ਉਨ੍ਹਾਂ ਨੇ ਸਾਰੀਆਂ ਫ਼ਸਲਾਂ ਦੀ ਖਰੀਦ ਦੀ ਗਰੰਟੀ ਵਾਲੇ ਕਾਨੂੰਨ ਤੋਂ ਟਾਲ਼ਾ ਵੱਟਣ ਲਈ ਸਰਕਾਰ ਦੇ ਇਸ ਬਹਾਨੇ ਨੂੰ ਸਰਾਸਰ ਥੋਥਾ ਦੱਸਿਆ ਕਿ ਸਾਰੀਆਂ ਫ਼ਸਲਾਂ ਦੀ ਖਰੀਦ ਲਈ ਸਰਕਾਰ ਕੋਲ ਇੰਨਾ ਜ਼ਿਆਦਾ ਪੈਸਾ ਕਿੱਥੋਂ ਆਵੇਗਾ। ਉਨ੍ਹਾਂ ਕਿਹਾ ਕਿ ਅਡਾਨੀ ਅੰਬਾਨੀ ਅਤੇ ਹੋਰ ਸਾਰੇ ਅਰਬਾਂਪਤੀਆਂ ਸਮੇਤ ਵੱਡੇ ਵੱਡੇ ਜਗੀਰਦਾਰਾਂ ਤੇ ਸੂਦਖੋਰ ਸ਼ਾਹੂਕਾਰਾਂ ਉੱਤੇ ਜਾਇਦਾਦ ਟੈਕਸ ਲਾ ਕੇ ਅਤੇ ਬਹੁਕੌਮੀ ਕਾਰਪੋਰੇਸ਼ਨਾਂ ਨੂੰ ਹਰ ਸਾਲ ਦਿੱਤੀ ਜਾਂਦੀ ਖਰਬਾਂ ਰੁਪਏ ਦੀਆਂ ਕਰਜ਼ਾ ਮਾਫ਼ੀਆਂ ਤੇ ਟੈਕਸ ਛੋਟਾਂ ਬੰਦ ਕਰ ਕੇ ਬੇਅੰਤ ਸਰਮਾਇਆ ਜੁਟਾਇਆ ਜਾ ਸਕਦਾ ਹੈ।
ਜਿਲ੍ਹਾ ਸੰਗਰੂਰ ਦੀ ਕਿਸਾਨ ਆਗੂ ਨਵਜੋਤ ਕੌਰ ਚੰਨੋ ਨੇ ਆਪਣੇ ਸੰਬੋਧਨ ਦੌਰਾਨ ਇਸ ਜਾਨ ਹੂਲਵੇਂ ਘੋਲ਼ ਵਿੱਚ ਔਰਤਾਂ ਵੱਲੋਂ ਨਿਭਾਈ ਜਾ ਰਹੀ ਸ਼ਾਨਾਂਮੱਤੀ ਭੂਮਿਕਾ ਅਤੇ ਆਪਾਵਾਰੂ ਸਿਰੜੀ ਜਜ਼ਬੇ ਨਾਲ ਕੀਤੀ ਜਾ ਰਹੀ ਲਾਮਿਸਾਲ ਸ਼ਮੂਲੀਅਤ ਦੀ ਜੈ ਜੈਕਾਰ ਕੀਤੀ। ਆਉਂਦੇ ਦਿਨਾਂ ਵਿੱਚ ਹੋਰ ਵੀ ਦ੍ਰਿੜ੍ਹਤਾ ਨਾਲ ਘੋਲ਼ ਦੇ ਮੈਦਾਨ ਵਿੱਚ ਡਟਣ ਦੀ ਉਨ੍ਹਾਂ ਦੀ ਤਤਪਰਤਾ ਨੂੰ ਉਚਿਆਇਆ। ਮੁਕੰਮਲ ਕਰਜ਼ਾ ਮੁਕਤੀ ਅਤੇ ਨਸ਼ੇ ਮੁਕਤ ਸਮਾਜ ਲਈ ਚੱਲਣ ਵਾਲੇ ਵੱਡੇ ਸੰਘਰਸ਼ਾਂ ਵਿੱਚ ਕੁੱਦਣ ਲਈ ਹੁਣੇ ਤੋਂ ਤਿਆਰੀਆਂ ਕੱਸਣ ਦਾ ਸੱਦਾ ਦਿੱਤਾ।
ਜਿਲ੍ਹਾ ਮਾਨਸਾ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਝੱਬਰ ਨੇ ਸੰਸਾਰ ਵਪਾਰ ਸੰਸਥਾ ਦੀਆਂ ਸਾਮਰਾਜ ਪੱਖੀ ਨਿੱਜੀਕਰਨ, ਵਪਾਰੀਕਰਨ ਤੇ ਸੰਸਾਰੀਕਰਨ ਖੁੱਲ੍ਹੀ ਮੰਡੀ ਦੀਆਂ ਲੋਕ ਮਾਰੂ ਨੀਤੀਆਂ ਨੂੰ ਮੁਕੰਮਲ ਭਾਂਜ ਦੇਣ ਲਈ ਕਿਸਾਨਾਂ ਮਜ਼ਦੂਰਾਂ ਤੇ ਹੋਰ ਸਾਰੇ ਕਿਰਤੀਆਂ ਦੇ ਇੱਕਜੁਟਤਾ ਵਾਲੇ ਸੰਘਰਸ਼ਾਂ ਲਈ ਮਾਨਸਿਕ ਤੌਰ ‘ਤੇ ਤਿਆਰ ਹੋਣ ਅਤੇ ਹੋਰ ਵੀ ਵੱਡੀਆਂ ਲਾਮਬੰਦੀਆਂ ਜੁਟਾਉਣ ਦਾ ਸੱਦਾ ਦਿੱਤਾ।
ਇਸੇ ਸੇਧ ਅਧੀਨ ਪੂਰੀਆਂ ਤਨਖਾਹਾਂ ਤੇ ਪੱਕੇ ਰੁਜ਼ਗਾਰ ਲਈ ਅਤੇ ਸਰਕਾਰੀ ਅਦਾਰੇ ਬਚਾਉਣ ਲਈ ਜੂਝ ਰਹੇ ਠੇਕਾ ਭਰਤੀ ਅਧੀਨ ਨਿਗੂਣੀਆਂ ਤਨਖਾਹਾਂ ‘ਤੇ ਰੱਖੇ ਗਏ ਕੱਚੇ ਟੀਚਰਾਂ, ਪ੍ਰੋਫ਼ੈਸਰਾਂ, ਨਰਸਾਂ, ਜਲ ਸਪਲਾਈ ਕਾਮਿਆਂ, ਬਿਜਲੀ ਕਾਮਿਆਂ, ਆਂਗਨਵਾੜੀ ਵਰਕਰਾਂ ਅਤੇ ਵਿਦਿਆਰਥੀਆਂ ਆਦਿ ਸਭਨਾਂ ਦੇ ਸੰਘਰਸ਼ਾਂ ਦੀ ਡਟਵੀਂ ਹਮਾਇਤ ਕਰਨ ਦਾ ਸੱਦਾ ਦਿੱਤਾ।
ਗੁਰਪਾਸ਼ ਸਿੰਘ ਸਿੰਘੇਵਾਲਾ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਪੰਡਾਲ ਵੱਲੋਂ ਪਟਿਆਲਾ ਵਿਖੇ ਕਰੋਨਾ ਵਲੰਟੀਅਰ ਸਿਹਤ ਕਾਮਿਆਂ ਦੇ ਸ਼ਾਂਤਮਈ ਧਰਨੇ ਉੱਤੇ ਲਾਠੀਚਾਰਜ ਕਰਨ ਅਤੇ ਉਨ੍ਹਾਂ ਦੀਆਂ ਗ੍ਰਿਫ਼ਤਾਰੀਆਂ ਕਰਨ ਦੀ ਜ਼ੋਰਦਾਰ ਨਿੰਦਾ ਕੀਤੀ ਗਈ ਅਤੇ ਗ੍ਰਿਫਤਾਰ ਆਗੂਆਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਗਈ। ਸਟੇਜ ਤੋਂ ਲਾਏ ਜਾ ਰਹੇ ਨਾਹਰਿਆਂ ਦੇ ਜੁਆਬ ਵਿੱਚ ਤਣੇ ਹੋਏ ਮੁੱਕਿਆਂ ਨਾਲ ਆਕਾਸ਼ ਗੁੰਜਾਊ ਬੋਲਾਂ ਰਾਹੀਂ ਮੋਦੀ ਸਰਕਾਰ ਵਿਰੁੱਧ ਤਿੱਖੇ ਰੋਹ ਅਤੇ ਸੰਘਰਸ਼ ਪ੍ਰਤੀ ਠਾਠਾਂ ਮਾਰਦੇ ਜੋਸ਼ ਦਾ ਪ੍ਰਗਟਾਵਾ ਹੋ ਰਿਹਾ ਸੀ।
ਸੰਬੋਧਨ ਕਰਨ ਵਾਲੇ ਹੋਰ ਬੁਲਾਰਿਆਂ ਵਿੱਚ ਬਚਿੱਤਰ ਕੌਰ ਮੋਗਾ, ਬਿੱਟੂ ਮੱਲਣ, ਦਰਸ਼ਨ ਸਿੰਘ ਚੀਮਾ ਅਤੇ ਸੁਖਵੰਤ ਸਿੰਘ ਵਲਟੋਹਾ ਸ਼ਾਮਲ ਸਨ। ਅਜਮੇਰ ਸਿੰਘ ਅਕਲੀਆ, ਹਰਬੰਸ ਸਿੰਘ ਘਣੀਆਂ ਅਤੇ ਗੁਰਚਰਨ ਸਿੰਘ ਦੀਨਾ ਸਾਹਿਬ ਸਮੇਤ ਕਈ ਨਵੇਂ ਉੱਭਰੇ ਗੀਤਕਾਰਾਂ ਨੇ ਲੋਕਪੱਖੀ ਗੀਤਾਂ ਰਾਹੀਂ ਰੰਗ ਬੰਨ੍ਹਿਆ।

Share