35 ਸਾਲ ਬਾਅਦ ਦਿੱਲੀ ‘ਚ ਮੁੜ ਦੁਹਰਾਇਆ ਗਿਆ ਇਤਿਹਾਸ!

723
Share

ਇਸ ਵਾਰ ਮੁਸਲਮਾਨਾਂ ਨੂੰ ਬਣਾਇਆ ਗਿਆ ਨਿਸ਼ਾਨਾ
ਸੀ.ਏ.ਏ. ਖਿਲਾਫ ਪ੍ਰਦਰਸ਼ਨਾਂ ਦੌਰਾਨ ਹੋਈ ਹਿੰਸਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 21; ਸੈਂਕੜੇ ਜ਼ਖਮੀ
ਦੰਗਾਕਾਰੀਆਂ ਨੂੰ ਦੇਖਦਿਆਂ ਹੀ ਗੋਲੀ ਮਾਰਨ ਦੇ ਹੁਕਮ
ਟਰੰਪ ਦੇ ਦਿੱਲੀ ਆਉਣ ਤੋਂ ਕੁਝ ਘੰਟੇ ਪਹਿਲਾਂ ਸ਼ੁਰੂ ਹੋਈਆਂ ਝੜਪਾਂ

ਨਵੀਂ ਦਿੱਲੀ, 26 ਫਰਵਰੀ (ਪੰਜਾਬ ਮੇਲ)- ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ (ਐੱਨ.ਆਰ.ਸੀ.) ਦੇ ਮੁੱਦੇ ਨੂੰ ਲੈ ਕੇ ਉੱਤਰ ਪੂਰਬੀ ਦਿੱਲੀ ਦੇ ਜਾਫ਼ਰਾਬਾਦ ਸਮੇਤ ਹੋਰਨਾਂ ਇਲਾਕਿਆਂ ‘ਚ ਸ਼ੁਰੂ ਹੋਈ ਹਿੰਸਾ ਅਜੇ ਵੀ ਜਾਰੀ ਰਹੀ ਤੇ ਇਸ ਦੌਰਾਨ ਕੁੱਟਮਾਰ, ਲੁੱਟਮਾਰ ਤੋਂ ਇਲਾਵਾ ਕਈ ਗੱਡੀਆਂ ਵੀ ਸਾੜ ਦਿੱਤੀਆਂ ਗਈਆਂ ਤੇ ਇਸ ਹਿੰਸਾ ‘ਚ ਹੁਣ ਤੱਕ 21 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 56 ਪੁਲਿਸ ਮੁਲਾਜ਼ਮਾਂ ਸਮੇਤ 200 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਹਿੰਸਾ ਨੂੰ ਦੇਖਦੇ ਹੋਏ ਉੱਤਰ-ਪੂਰਬੀ ਦਿੱਲੀ ਦੇ ਚਾਰ ਖੇਤਰਾਂ ਮੌਜ਼ਪੁਰ, ਜਾਫ਼ਰਾਬਾਦ, ਚਾਂਦ ਬਾਗ ਅਤੇ ਕਰਵਲ ਨਗਰ ‘ਚ ਕਰਫਿਊ ਲਗਾ ਦਿੱਤਾ ਗਿਆ।
ਹਿੰਸਕ ਘਟਨਾਵਾਂ ਕਾਰਨ ਆਮ ਲੋਕਾਂ ‘ਚ ਡਰ ਦਾ ਮਾਹੌਲ ਇਸ ਕਦਰ ਵਧਦਾ ਜਾ ਰਿਹਾ ਹੈ ਕਿ ਕਈਆਂ ਵਲੋਂ ਇਸ ਨੂੰ 1984 ਸਿੱਖ ਕਤਲੇਆਮ ਵਰਗੇ ਮਾਹੌਲ ਨਾਲ ਵੀ ਜੋੜ ਕੇ ਵੇਖਿਆ ਜਾਣ ਲੱਗਾ ਹੈ। ਜੀ.ਟੀ.ਬੀ. ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਹਸਪਤਾਲ ਲਿਆਂਦੇ ਚਾਰ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮੰਗਲਵਾਰ ਤੜਕੇ ਤੋਂ ਸਵੇਰੇ 9 ਵਜੇ ਤੱਕ ਉੱਤਰ ਪੂਰਬੀ ਦਿੱਲੀ ਫਾਇਰ ਬ੍ਰਿਗੇਡ ਨੂੰ ਅੱਗ ਲਾਏ ਜਾਣ ਦੀਆਂ ਘਟਨਾਵਾਂ ਦੇ 45 ਫ਼ੋਨ ਆ ਚੁੱਕੇ ਸਨ। ਪ੍ਰਸ਼ਾਸਨ ਵਲੋਂ ਪੁਲਿਸ ਬਲਾਂ ਦੀ ਵੱਡੀ ਗਿਣਤੀ ‘ਚ ਤਾਇਨਾਤੀ ਵੀ ਦੰਗਾਕਾਰੀਆਂ ਨਾਲ ਨਜਿੱਠਣ ‘ਚ ਨਾਕਾਮ ਸਾਬਤ ਨਜ਼ਰ ਆ ਰਹੀ ਹੈ, ਜਿਸ ਕਰ ਕੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਵੀ ਸਵਾਲਾਂ ਦੇ ਘੇਰੇ ‘ਚ ਆ ਗਈ ਹੈ। ਹਾਲਾਂਕਿ ਕੁੱਝ ਪੁਲਿਸ ਕਰਮੀ ਅਤੇ ਸਥਾਨਿਕ ਲੋਕ, ਦੰਗਾਕਾਰੀਆਂ ਤੋਂ ਪੀੜਤਾਂ ਨੂੰ ਬਚਾਉਂਦੇ ਵੀ ਨਜ਼ਰ ਆਏ।
ਗ੍ਰਹਿ ਮੰਤਰੀ ਅਮਿਤ ਸ਼ਾਹ ਹਿੰਸਾ ਨੂੰ ਰੋਕਣ ਲਈ 2 ਬੈਠਕਾਂ ਕਰ ਚੁੱਕੇ ਹਨ, ਜਦਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਧਾਇਕਾਂ ਦੀ ਹੰਗਾਮੀ ਮੀਟਿੰਗ ਸੱਦੀ ਅਤੇ ਬਾਅਦ ‘ਚ ਅਮਿਤ ਸ਼ਾਹ ਨਾਲ ਵੀ ਬੈਠਕ ‘ਚ ਸ਼ਾਮਿਲ ਹੋਏ। ਮੰਨਿਆ ਜਾ ਰਿਹਾ ਹੈ ਕਿ 3 ਦਿਨ ਪਹਿਲਾਂ ਜਾਫ਼ਰਾਬਾਦ ਨੇੜੇ ਸੀ.ਏ.ਏ. ਤੇ ਐੱਨ.ਆਰ.ਸੀ. ਖ਼ਿਲਾਫ਼ ਅਤੇ ਸਮਰਥਨ ‘ਚ ਚੱਲ ਰਿਹਾ ਪ੍ਰਦਰਸ਼ਨ ਜਦੋਂ ‘ਹਿੰਦੂ ਬਨਾਮ ਮੁਸਲਿਮ’ ਮਾਮਲੇ ‘ਚ ਤਬਦੀਲ ਹੋ ਗਿਆ, ਤਾਂ ਉੱਤਰ ਪੂਰਬੀ ਦਿੱਲੀ ਦਾ ਵੱਡਾ ਇਲਾਕਾ ਹਿੰਸਾ ਦੀ ਲਪੇਟ ‘ਚ ਆ ਗਿਆ। ਹਾਲਾਂਕਿ ਏਕਤਾ ਮਾਰਚ ਕੱਢ ਕੇ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ ਗਈ। ਦਿੱਲੀ ਹਿੰਸਾ ਦੇ ਮਾਮਲੇ ‘ਚ ਦਿੱਲੀ ਪੁਲਿਸ ਨੇ ਹਾਲਾਤ ਕਾਬੂ ‘ਚ ਹੋਣ ਦਾ ਦਾਅਵਾ ਕੀਤਾ। ਦਿੱਲੀ ਪੁਲਿਸ ਦੇ ਪੀ.ਆਰ.ਓ. ਐੱਮ.ਐੱਸ. ਰੰਧਾਵਾ (ਆਈ.ਪੀ.ਐੱਸ.) ਨੇ ਦੱਸਿਆ ਕਿ ਹਿੰਸਾ ਮਾਮਲੇ ‘ਚ ਹੁਣ ਤੱਕ 1 ਪੁਲਿਸ ਕਰਮੀ ਸਮੇਤ 21 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 56 ਪੁਲਿਸ ਕਰਮੀ ਅਤੇ 130 ਆਮ ਲੋਕ ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ ਕਿ ਸਥਿਤੀ ਕਾਬੂ ‘ਚ ਹੈ ਤੇ 11 ਐੱਫ.ਆਈ.ਆਰ. ਦਰਜ ਕੀਤੀਆਂ ਜਾ ਚੁੱਕੀਆਂ ਹਨ ਤੇ ਕਈਆਂ ਨੂੰ ਹਿਰਾਸਤ ‘ਚ ਵੀ ਲਿਆ ਗਿਆ ਹੈ। ਉਨ੍ਹਾਂ ਅਫ਼ਵਾਹਾਂ ‘ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ ਤੇ ਨਾਲ ਹੀ ਇਹ ਵੀ ਕਿਹਾ ਕਿ ਪੁਲਿਸ ਬਲ ਦੀ ਘਾਟ ਦੀ ਗੱਲ ਸਹੀ ਨਹੀਂ ਹੈ।
ਹਿੰਸਾ ਦੌਰਾਨ ਪੱਤਰਕਾਰਾਂ ਦੀ ਕੁੱਟਮਾਰ
ਹਿੰਸਕ ਪ੍ਰਦਰਸ਼ਨਾਂ ‘ਚ ਕਈ ਅਜਿਹੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਹਨ, ਜੋ ਬਹੁਤ ਹੀ ਸ਼ਰਮਨਾਕ, ਨਿੰਦਣਯੋਗ ਤੇ ਡਰ ਦਾ ਮਾਹੌਲ ਪੈਦਾ ਕਰਨ ਵਾਲੀਆਂ ਹਨ। ਕਰਾਵਲ ਨਗਰ ਦੇ ਸ਼ੇਰਪੁਰ ਚੌਕ ਤੋਂ ਲੰਘਣ ਵਾਲੇ ਇਕ ਮੀਡੀਆ ਕਰਮੀ ਨੇ ਦੱਸਿਆ ਕਿ ਸੋਮਵਾਰ ਰਾਤ ਨੂੰ ਸੜਕਾਂ ‘ਤੇ ਖੜ੍ਹੀ ਭੀੜ ਵਲੋਂ ਮੋਟਰਸਾਈਕਲ ਸਵਾਰਾਂ ਦੇ ਹੈਲਮੇਟ ਉਤਰਵਾ ਕੇ ਧਰਮ ਦੀ ਪਛਾਣ ਕਰਨ ਉਪਰੰਤ ਚੋਣਵੇਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਇਥੇ ਹੀ ਬੱਸ ਨਹੀਂ, ਬਲਕਿ ਇਕ ਵਿਸ਼ੇਸ਼ ‘ਧਾਰਮਿਕ ਨਾਅਰਾ’ ਲਗਾਉਣ ਉਪਰੰਤ ਹੀ ਵਾਹਨ ਚਾਲਕਾਂ ਨੂੰ ਉਥੋਂ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਸੀ। ਉਸ ਨੇ ਦੱਸਿਆ ਕਿ ਜਦੋਂ ਸੋਮਵਾਰ ਰਾਤ ਕਨਾਟ ਪਲੇਸ ਦਫ਼ਤਰ ਤੋਂ ਛੁੱਟੀ ਕਰ ਕੇ ਉਹ ਆਪਣੇ ਘਰ ਜਾ ਰਿਹਾ ਸੀ, ਤਾਂ ਕਰਾਵਲ ਨਗਰ ‘ਚ ਭੀੜ ਵਲੋਂ ਉਸ ਦੀ ਧਰਮ ਦੀ ਪਛਾਣ ਵਾਸਤੇ ਹੈਲਮੇਟ ਉਤਰਵਾਇਆ ਗਿਆ ਤੇ ਇਕ ਧਾਰਮਿਕ ਨਾਅਰਾ ਲਗਾਉਣ ਪਿੱਛੋਂ ਹੀ ਘਰ ਜਾਣ ਦਿੱਤਾ ਗਿਆ।
ਸੋਸ਼ਲ ਮੀਡੀਆ ‘ਤੇ ਕਈਆਂ ਦਾ ਮੰਨਣਾ ਹੈ ਕਿ ਉਕਤ ਵਰਤਾਰਾ ਤਕਰੀਬਨ-ਤਕਰੀਬਨ ਉਸੇ ਨੀਤੀ ਨਾਲ ਮੇਲ ਖਾਂਦਾ ਹੈ, ਜਦੋਂ ਪਿਛੋਕੜ ‘ਚ ਨਵੰਬਰ 1984 ‘ਚ ਪੱਗ ਤੇ ਕੇਸਾਂ (ਵਾਲ) ਦੀ ਪਛਾਣ ਕਰ ਕੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਕ ਚੈਨਲ ਦੇ ਪੱਤਰਕਾਰ ਨੂੰ ਗੋਲੀ ਲੱਗੀ ਹੈ ਅਤੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੱਸੀ ਹੈ। ਇਕ ਹੋਰ ਚੈਨਲ ਦੇ ਪੱਤਰਕਾਰਾਂ ਦੀ ਕੁੱਟਮਾਰ ਕੀਤੀ ਗਈ। ਉਨ੍ਹਾਂ ‘ਚੋਂ ਇਕ ਦਾ ਦੰਦ ਟੁੱਟ ਗਿਆ, ਜਦੋਂ ਦੂਜਾ ਉਸ ਦੀ ਬਚਾਉਣ ਆਇਆ, ਤਾਂ ਉਸ ਨੂੰ ਵੀ ਕੁੱਟਿਆ ਗਿਆ। ਹੋਰ ਕਈ ਪੱਤਰਕਾਰਾਂ ਨੇ ਸੋਸ਼ਲ ਮੀਡੀਆ ‘ਤੇ ਆ ਕੇ ਆਪ ਬੀਤੀ ਦੱਸੀ ਹੈ।


Share