ਅਮਰੀਕਾ 2020 ਦੌਰਾਨ ਨਫਰਤੀ ਅਪਰਾਧਾਂ ’ਚ ਹੋਇਆ ਭਾਰੀ ਵਾਧਾ : ਐੱਫ.ਬੀ.ਆਈ.

389
Share

* ਯਹੂਦੀਆਂ ਵਿਰੁੱਧ ਹਮਲਿਆਂ ਦੀ ਗਿਣਤੀ ਘਟੀ
ਸੈਕਰਾਮੈਂਟੋ, 27 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਪਿਛਲੇ ਸਾਲ 10 ਹਜ਼ਾਰ ਤੋਂ ਵਧ ਲੋਕ ਨਫਰਤੀ ਅਪਰਾਧ ਦਾ ਸ਼ਿਕਾਰ ਹੋਏ ਹਨ। ਇਹ ਖੁਲਾਸਾ ਐੱਫ.ਬੀ.ਆਈ. ਨੇ ਆਪਣੀ ਸਾਲਾਨਾ ਰਿਪੋਰਟ ਵਿਚ ਕੀਤਾ ਹੈ। ਸਿਰਫਿਰੇ ਲੋਕਾਂ ਨੇ ਇਹ ਅਪਰਾਧ ਜਾਤ, ਨਸਲ, ਧਰਮ, ਲਿੰਗ ਜਾਂ ਅੰਗਹੀਣਤਾ ਨੂੰ ਆਧਾਰ ਬਣਾ ਕੇ ਕੀਤੇ ਹਨ, ਜਿਸ ਕਾਰਨ ਨਿਰਦੋਸ਼ ਲੋਕਾਂ ਨੂੰ ਪੀੜਤ ਹੋਣਾ ਪਿਆ ਹੈ। ਰਿਪੋਰਟ ਅਨੁਸਾਰ ਪਿਛਲੇ ਸਾਲ 2020 ਦੌਰਾਨ 7700 ਤੋਂ ਵਧ ਨਫਰਤੀ ਅਪਰਾਧ ਦੀਆਂ ਘਟਨਾਵਾਂ ਵਾਪਰੀਆਂ ਜੋ 2019 ਦੀ ਤੁਲਨਾ ’ਚ 450 ਜ਼ਿਆਦਾ ਹਨ। ਐੱਫ.ਬੀ.ਆਈ. ਅਨੁਸਾਰ ਅਸਲ ’ਚ ਇਹ ਘਟਨਾਵਾਂ ਕਿਤੇ ਜ਼ਿਆਦਾ ਹਨ ਕਿਉਂਕਿ ਬਹੁਤ ਸਾਰੀਆਂ ਏਜੰਸੀਆਂ ਨੇ ਆਪਣੇ ਖੇਤਰ ’ਚ ਹੋਏ ਨਫਰਤੀ ਅਪਰਾਧਾਂ ਬਾਰੇ ਰਿਪੋਰਟ ਹੀ ਨਹੀਂ ਦਰਜ ਕਰਵਾਈ। 2008 ਤੋਂ ਬਾਅਦ ਪਹਿਲੀ ਵਾਰ 2020 ਦੌਰਾਨ ਸਭ ਤੋਂ ਵਧ ਨਫਰਤੀ ਘਟਨਾਵਾਂ 7783 ਦਰਜ ਹੋਈਆਂ। ਸ਼ਿਆਹਫਾਮ ਲੋਕਾਂ ਉਪਰ ਹਮਲਿਆਂ ਦੀਆਂ ਘਟਨਾਵਾਂ ਜੋ 2019 ’ਚ 1972 ਸਨ, ਪਿਛਲੇ ਸਾਲ ਵਧ ਕੇ 2871 ਹੋ ਗਈਆਂ। ਏਸ਼ੀਆ ਮੂਲ ਦੇ ਲੋਕਾਂ ਵਿਰੁੱਧ ਪਿਛਲੇ ਸਾਲ 279 ਨਫਰਤੀ ਅਪਰਾਧ ਦੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਦੀ 2019 ’ਚ ਗਿਣਤੀ 161 ਸੀ। ਯਹੂਦੀ ਲੋਕਾਂ ਵਿਰੁੱਧ ਨਫਰਤੀ ਹਮਲਿਆਂ ਦੀ ਗਿਣਤੀ ਘਟੀ ਹੈ। ਰਿਪੋਰਟ ਅਨੁਸਾਰ 2019 ’ਚ ਯਹੂਦੀਆਂ ਉਪਰ 963 ਹਮਲੇ ਹੋਏ ਸਨ, ਜੋ 2020 ’ਚ ਘੱਟ ਕੇ 683 ਰਹਿ ਗਏ। ਜਾਤ, ਨਸਲ ਜਾਂ ਪਿਛੋਕੜ ਨੂੰ ਲੈ ਕੇ ਹੋਏ ਹਮਲਿਆਂ ’ਚ ਰਿਕਾਰਡ ਵਾਧਾ ਹੋਇਆ। 2020 ’ਚ ਜਾਤ, ਨਸਲ ਜਾਂ ਪਿਛੋਕੜ ਨੂੰ ਅਧਾਰ ਬਣਾਕੇ 8052 ਘਟਨਾਵਾਂ ਵਾਪਰੀਆਂ, ਜਦਕਿ 2019 ’ਚ ਇਹ ਗਿਣਤੀ 3954 ਸੀ। ਰਿਪੋਰਟ ਅਨਸਾਰ 61.8% ਪੀੜਤਾਂ ਨੂੰ ਉਨ੍ਹਾਂ ਦੀ ਜਾਤ ਜਾਂ ਨਸਲ ਕਾਰਨ ਨਿਸ਼ਾਨਾ ਬਣਾਇਆ ਗਿਆ। ਐੱਫ.ਬੀ.ਆਈ. ਅਨੁਸਾਰ 2020 ’ਚ 20% ਘਟਨਾਵਾਂ ਲਿੰਗ ਨੂੰ ਆਧਾਰ ਬਣਾ ਕੇ ਵਾਪਰੀਆਂ, ਜਦ ਕਿ 13.3% ਘਟਨਾਵਾਂ ਧਾਰਮਿਕ ਭੇਦਭਾਵ ਕਾਰਨ ਵਾਪਰੀਆਂ। ਰਿਪੋਰਟ ਵਿਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਦੋਸ਼ੀਆਂ ਵਿਚ ਅੱਧਿਉਂ ਵਧ ਗੋਰੇ ਸ਼ਾਮਲ ਹਨ। ਇਸੇ ਦੌਰਾਨ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਇਕ ਬਿਆਨ ’ਚ ਕਿਹਾ ਹੈ ਕਿ ਨਫਰਤੀ ਅਪਰਾਧਾਂ ਨੂੰ ਰੋਕਣਾ ਨਿਆਂ ਵਿਭਾਗ ਦੀਆਂ ਉੱਚ ਤਰਜੀਹਾਂ ਵਿਚ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ’ਚ ਫੌਰੀ ਕਾਰਵਾਈ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਅੰਕੜਿਆਂ ਤੋਂ ਸਪੱਸ਼ਟ ਹੈ ਕਿ ਸ਼ਿਆਹਫਾਮ ਲੋਕਾਂ ਤੇ ਅਫਰੀਕੀ ਮੂਲ ਦੇ ਅਮਰੀਕੀ ਲੋਕਾਂ ਵਿਰੁੱਧ ਨਫਰਤੀ ਅਪਰਾਧ ਵਧੇ ਹਨ। ਇਹ ਉਹ ਵਰਗ ਹਨ, ਜਿਨ੍ਹਾਂ ਨੂੰ ਅਕਸਰ ਨਿਸ਼ਾਨਾ ਬਣਾਇਆ ਜਾਂਦਾ ਹੈ। ਇਸੇ ਤਰ੍ਹਾਂ ਏਸ਼ੀਅਨ ਮੂਲ ਦੇ ਲੋਕਾਂ ਵਿਰੁੱਧ ਵੀ ਨਫਰਤੀ ਅਪਰਾਧ ਵਧੇ ਹਨ। ਇਸ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਜੋ ਅਸੀਂ ਵੇਖਿਆ ਤੇ ਸੁਣਿਆ ਹੈ, ਉਸ ਦੀ ਪੁਸ਼ਟੀ ਸਾਡੇ ਕੰਮ ਵਿਚ ਵੀ ਹੋਈ ਹੈ।

Share