30 ਸਾਲਾ ਬ੍ਰਿਟਿਸ਼ ਬੀਬੀ 15 ਕਰੋੜ ਰੁਪਏ ਨਾਲ ਦੁਬਈ ਭੱਜਣ ਦੀ ਕੋਸ਼ਿਸ਼ ਵਿਚ ਕਾਬੂ

508
Share

ਹੀਥਰੋ, 15 ਅਕਤੂਬਰ (ਪੰਜਾਬ ਮੇਲ)- ਇਕ ਬ੍ਰਿਟਿਸ਼ ਬੀਬੀ ਨੂੰ 5 ਸੂਟਕੇਸਾਂ ਵਿਚ ਲਗਭਗ 2 ਮਿਲੀਅਨ ਡਾਲਰ ਭਾਵ ਲਗਭਗ 15 ਕਰੋੜ ਰੁਪਏ ਨਾਲ ਦੁਬਈ ਭੱਜਣ ਦੀ ਕੋਸ਼ਿਸ਼ ਵਿਚ ਫੜਿਆ ਗਿਆ ਹੈ। ਤਾਰਾ ਹੈਨਲਾਨ ਨਾਂ ਦੀ ਇਸ ਬੀਬੀ ‘ਤੇ ਕਾਲੇ ਧਨ ਨੂੰ ਸਫੈਦ ਕਰਨ ਦੇ ਦੋਸ਼ ਲੱਗੇ ਹਨ। ਇਹ 2020 ਵਿਚ ਜ਼ਬਤ ਹੋਈ ਇੰਨੀ ਵੱਡੀ ਰਕਮ ਦਾ ਪਹਿਲਾ ਮਾਮਲਾ ਹੈ। 30 ਸਾਲ ਦੀ ਤਾਰਾ ਹੈਨਲਾਨ ਨੂੰ 3 ਅਕਤੂਬਰ ਨੂੰ ਹੀਥਰੋ 2 ਹਵਾਈ ਅੱਡੇ ‘ਤੇ ਰੋਕਿਆ ਗਿਆ, ਜਿੱਥੇ ਉਹ ਦੁਬਈ ਜਾਣ ਵਾਲੀ ਫਲਾਈਟ ਵਿਚ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਸੀ। ਹੀਥਰੋ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਸਾਮਾਨ ਦੀ ਜਾਂਚ ਦੌਰਾਨ ਦੇਖਿਆ ਕਿ ਉਹ 5 ਵੱਡੇ ਸੂਟਕੇਸਾਂ ਵਿਚ ਕੈਸ਼ ਭਰ ਕੇ ਲੈ ਜਾ ਰਹੀ ਸੀ। ਹੈਨਲਾਨ ਨੂੰ ਡਾਨਕਾਸਟਰ ਖੇਤਰ ਦੀ 28 ਸਾਲ ਦੀ ਇਕ ਹੋਰ ਬੀਬੀ ਨਾਲ ਹਿਰਾਸਤ ਵਿਚ ਲਿਆ ਗਿਆ।  ਇਸ ਮਾਮਲੇ ਦੀ ਜਾਂਚ ਨੂੰ ਰਾਸ਼ਟਰੀ ਅਪਰਾਧ ਏਜੰਸੀ ਵਿਚ ਭੇਜਿਆ ਗਿਆ ਹੈ। ਕਾਲੇ ਧਨ ਨੂੰ ਸਫੈਦ ਕਰਨ ਦੇ ਇਸ ਮਾਮਲੇ ਵਿਚ ਇਹ ਸਭ ਤੋਂ ਵੱਡੀ ਰਕਮ ਫੜੀ ਗਈ ਹੈ। ਵਕੀਲਾਂ ਦਾ ਕਹਿਣਾ ਹੈ ਕਿ ਉਸ ਨੂੰ 5 ਨਵੰਬਰ ਤਕ ਹਿਰਾਸਤ ਵਿਚ ਰੱਖਿਆ ਜਾਵੇਗਾ ਤੇ ਫਿਰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਜੇਕਰ ਉਸ ‘ਤੇ ਦੋਸ਼ ਸਿੱਧ ਹੁੰਦਾ ਹੈ ਤਾਂ ਉਸ ਨੂੰ 14 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।


Share