ਨਵੀਂ ਦਿੱਲੀ, 24 ਜਨਵਰੀ (ਪੰਜਾਬ ਮੇਲ)- ਦਿੱਲੀ ਪੁਲਿਸ ਨੇ ਅੱਜ ਕਿਹਾ ਹੈ ਕਿ ਕਿਸਾਨਾਂ ਦੀ ਟਰੈਕਟਰ ਪਰੇਡ 26 ਜਨਵਰੀ ਨੂੰ ਗਣਤੰਤਰ ਦਿਵਸ ਸੰਪੰਨ ਹੋਣ ਮਗਰੋਂ 3 ਰੂਟਾਂ ’ਤੇ ਸਖ਼ਤ ਸੁਰੱਖਿਆ ਵਿਚ ਹੋਵੇਗੀ। ਇਸ ਦਾ ਰੂਟ ਪਲਾਨ ਤੈਅ ਕਰਕੇ ਕਿਸਾਨਾਂ ਨਾਲ ਸਾਂਝਾ ਕਰ ਲਿਆ ਗਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਵਿਸ਼ੇਸ਼ ਪੁਲਿਸ ਕਮਿਸ਼ਨਰ (ਇੰਟੈਲੀਜੈਂਸ) ਦੀਪਕ ਪਾਠਕ ਨੇ ਕਿਹਾ ਕਿ ਤਿੰਨ ਰੂਟਾਂ ਵਿਚ ਟਿਕਰੀ ਬਾਰਡਰ ’ਤੇ 63 ਕਿਲੋਮੀਟਰ ਦੇ ਰੂਟ ’ਤੇ ਪਰੇਡ ਹੋਵੇਗੀ, ਜਦਕਿ ਸਿੰਘੂ ਬਾਰਡਰ ਤੋਂ ਇਹ 62 ਕਿਲੋਮੀਟਰ ਤੇ ਗਾਜ਼ੀਪੁਰ ਬਾਰਡਰ ਤੋਂ ਇਹ 46 ਕਿਲੋਮੀਟਰ ਤੱਕ ਟਰੈਕਟਰ ਪਰੇਡ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਪਰੇਡ ਵਿਚ ਹਿੰਸਾ ਭੜਕਾਉਣ ਲਈ ਪਾਕਿਸਤਾਨ ਸਾਜ਼ਿਸ ਰਚ ਰਿਹਾ ਹੈ ਅਤੇ 13 ਤੋਂ 18 ਜਨਵਰੀ ਤੱਕ 300 ਤੋਂ ਵੱਧ ਟਵਿੱਟਰ ਅਕਾਊਂਟ ਬਣਾਏ ਗਏ ਹਨ। ਇਸ ਲਈ ਪੁਲਿਸ ਚੌਕਸ ਹੈ। ਪੁਲਿਸ ਮੁਤਾਬਕ ਪਰੇਡ ਵਿਚ ਸ਼ਾਮਲ ਟਰੈਕਟਰਾਂ ਦੀ ਗਿਣਤੀ ਸੋਮਵਾਰ ਨੂੰ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕਿਸਾਨ ਦਿੱਲੀ ਦੀ ਆਊਟਰ (ਬਾਹਰੀ) ਰਿੰਗ ਰੋਡ ’ਤੇ ਟਰੈਕਟਰ ਪਰੇਡ ਕਰਨਾ ਚਾਹੁੰਦੇ ਸਨ, ਜਦੋਂਕਿ ਪੁਲਿਸ ਕੌਮੀ ਰਾਜਧਾਨੀ ਤੋਂ ਬਾਹਰ ਟਰੈਕਟਰ ਪਰੇਡ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੀ ਸੀ।