3 ਖੇਤੀ ਆਰਡੀਨੈਂਸਾਂ ਖ਼ਿਲਾਫ਼ ਕਿਸਾਨਾਂ ਵਲੋਂ ਪੰਜਾਬ ਭਰ ‘ਚ ਰੋਸ ਮੁਜ਼ਾਹਰੇ

1208
Share

21 ਥਾਵਾਂ ‘ਤੇ ਕਿਸਾਨ ਟਰੈਕਟਰਾਂ ਉਪਰ ਕਾਲੇ ਝੰਡੇ ਬੰਨ੍ਹ ਕੇ ਸੜਕਾਂ ‘ਤੇ ਨਿਕਲੇ

ਜਲੰਧਰ, 29 ਜੁਲਾਈ (ਮੇਜਰ ਸਿੰਘ/ਪੰਜਾਬ ਮੇਲ)-12 ਕਿਸਾਨ ਜਥੇਬੰਦੀਆਂ ਦੇ ਸੱਦੇ ਉੱਪਰ ਵਪਾਰ ਕੇਂਦਰ ਸਰਕਾਰ ਦੁਆਰਾ ਪਾਸ 3 ਖੇਤੀ ਕਾਨੂੰਨਾਂ, ਬਿਜਲੀ ਸੋਧ ਬਿੱਲ ਤੇ ਤੇਲ ਕੀਮਤਾਂ ‘ਚ ਅਥਾਹ ਵਾਧੇ ਨੂੰ ਵਾਪਸ ਲੈਣ ਬਾਰੇ ਭਾਜਪਾ-ਅਕਾਲੀ ਆਗੂਆਂ ਦੇ ਘਰਾਂ ਵੱਲ ਟਰੈਕਟਰ ਮਾਰਚ ਕਰਨ ਦੇ ਦਿੱਤੇ ਸੱਦੇ ਨੂੰ ਪੰਜਾਬ ਭਰ ‘ਚ ਸਫਲ ਹੁੰਗਾਰਾ ਮਿਲਿਆ। ਪੰਜਾਬ ਅੰਦਰ 21 ਥਾਵਾਂ ਉੱਪਰ ਕਿਸਾਨ ਟਰੈਕਟਰਾਂ ਉਪਰ ਕਾਲੇ ਝੰਡੇ ਬੰਨ੍ਹ ਕੇ ਸੜਕਾਂ ਉੱਪਰ ਆ ਨਿਕਲੇ ਤੇ ਕੇਂਦਰ ‘ਚ ਸੱਤਾਧਾਰੀ ਪਾਰਟੀ ਦੇ ਮੰਤਰੀਆਂ, ਲੋਕ ਸਭਾ ਮੈਂਬਰਾਂ, ਵਿਧਾਇਕਾਂ ਤੇ ਸੀਨੀਅਰ ਆਗੂਆਂ ਦੇ ਘਰਾਂ ਤੇ ਦਫ਼ਤਰਾਂ ਤੱਕ ਟਰੈਕਟਰ ਮਾਰਚ ਕਰ ਕੇ ਕਿਸਾਨ ਮੁੱਦਿਆਂ ‘ਤੇ ਸੁਣਵਾਈ ਲਈ ਜ਼ੋਰਦਾਰ ਯਤਨ ਕੀਤਾ। ਕੋਰੋਨਾ ਆਫ਼ਤ ‘ਚ ਸਾਵਧਾਨੀਆਂ ਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਕਿਸਾਨ ਸੜਕਾਂ ਉੱਪਰ ਸਿਰਫ ਟਰੈਕਟਰ ਲੈ ਕੇ ਹੀ ਪੁੱਜੇ ਤੇ ਇਕ ਟਰੈਕਟਰ ਉੱਪਰ ਆਮ ਕਰ ਕੇ 2 ਜਾਂ 3 ਹੀ ਸਵਾਰ ਸਨ। ਵਿਲੱਖਣ ਗੱਲ ਇਹ ਸੀ ਕਿ ਟਰੈਕਟਰ ਮਾਰਚਾਂ ਵਿਚ ਸਾਰੇ ਥਾਈਂ ਨੌਜਵਾਨ ਕਿਸਾਨਾਂ ਦੀ ਗਿਣਤੀ ਵਧੇਰੇ ਸੀ। ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਕਨਵੀਨਰ ਡਾ. ਦਰਸ਼ਨਪਾਲ ਨੇ ਦੱਸਿਆ ਕਿ ਪੰਜਾਬ ‘ਚ 20 ਥਾਵਾਂ ਉੱਪਰ ਕਿਸਾਨਾਂ ਦੇ ਟਰੈਕਟਰ ਮਾਰਚ ਨੂੰ ਪੁਲਿਸ ਨੇ ਕਿਤੇ ਵੀ ਨਹੀਂ ਰੋਕਿਆ ਪਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਦੇ ਪਿੰਡ ਬਾਦਲ ਵਿਚਲੀ ਰਿਹਾਇਸ਼ ਵੱਲ ਕਿਸਾਨਾਂ ਨੂੰ ਜਾਣ ਹੀ ਨਹੀਂ ਦਿੱਤਾ। ਕਰੀਬ 3 ਕਿੱਲੋਮੀਟਰ ਦੂਰ ਹੀ ਪੁਲਿਸ ਨੇ ਨਾਕੇ ਲਗਾ ਕੇ ਕਿਸਾਨਾਂ ਨੂੰ ਬਾਦਲ ਪਿੰਡ ਜਾਣ ਤੋਂ ਰੋਕ ਦਿੱਤਾ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਅਗਵਾਈ ‘ਚ ਕਿਸਾਨ ਪਿੰਡ ਕਾਲਝਰਾਣੀ ਤੱਕ ਪੈਦਲ ਜਾਣ ‘ਤੇ ਕਾਮਯਾਬ ਹੋਏ। ਕਿਸਾਨ ਆਗੂ ਬੂਟਾ ਸਿੰਘ ਬੁਰਜਗਿੱਲ ਨੇ ਐਲਾਨ ਕੀਤਾ ਕਿ ਜੇਕਰ ਅਕਾਲੀ ਦਲ ਨੇ ਕੇਂਦਰ ਦੇ ਆਰਡੀਨੈਂਸਾਂ ਦੀ ਹਮਾਇਤ ਵਾਪਸ ਨਾ ਲਈ, ਤਾਂ ਪਿੰਡ ਬਾਦਲ ‘ਚ ਪੱਕਾ ਮੋਰਚਾ ਲੱਗੇਗਾ। ਭਾਜਪਾ ਦੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਫਗਵਾੜਾ ਵਿਚਲੀ ਰਿਹਾਇਸ਼ ਵੱਲ ਕੀਤਾ ਟਰੈਕਟਰ ਮਾਰਚ ਬੇਹੱਦ ਪ੍ਰਭਾਵਸ਼ਾਲੀ ਰਿਹਾ। ਗੰਨਾ ਉਤਪਾਦਕਾਂ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ ਦੁਆਬਾ ਤੇ ਜਮਹੂਰੀ ਕਿਸਾਨ ਸਭਾ ਦੀ ਪਹਿਲਕਦਮੀ ‘ਤੇ ਹੋਏ ਟਰੈਕਟਰ ਮਾਰਚ ‘ਚ 1200 ਤੋਂ ਵਧੇਰੇ ਟਰੈਕਟਰਾਂ ਤੇ 3000 ਤੋਂ ਵੱਧ ਕਿਸਾਨਾਂ ਦੀ ਸ਼ਮੂਲੀਅਤ ਹੋਈ। ਇਸੇ ਤਰ੍ਹਾਂ ਬਠਿੰਡਾ ‘ਚ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ, ਪਟਿਆਲਾ ‘ਚ ਸੁਰਜੀਤ ਸਿੰਘ ਰੱਖੜਾ ਦੇ ਦਫ਼ਤਰ ਤੇ ਘਰ ਅੱਗੇ, ਤਰਨ-ਤਾਰਨ ‘ਚ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਨਕੋਦਰ ‘ਚ ਅਕਾਲੀ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਦੇ ਦਫ਼ਤਰ ਅੱਗੇ ਟਰੈਕਟਰ ਮਾਰਚ ਕੀਤਾ।
ਪੰਜਾਬ ਭਰ ‘ਚ ਵੱਖ-ਵੱਖ ਜ਼ਿਲ੍ਹਿਆਂ ‘ਚ ਅਕਾਲੀ-ਭਾਜਪਾ ਦੇ ਸੰਸਦ ਮੈਂਬਰ, ਵਿਧਾਇਕਾਂ, ਹਲਕਾ ਇੰਚਾਰਜ਼ਾਂ ਦੇ ਦਫ਼ਤਰਾਂ ਅਤੇ ਘਰਾਂ ਅੱਗ ਰੋਸ ਪ੍ਰਦਰਸ਼ਨ ਕੀਤਾ ਅਤੇ ਟਰੈਕਟਰ ਮਾਰਚ ਉਪਰੰਤ ਧਰਨੇ ਦਿੱਤੇ ਹਨ। ਇਨ੍ਹਾਂ ਮਾਰਚਾਂ ਅਤੇ ਧਰਨਿਆਂ ਦੀ ਅਗਵਾਈ ਜਮਹੂਰੀ ਕਿਸਾਨ ਸਭਾ, ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਅਜਨਾਲਾ ਅਤੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਭਾਰਤੀ ਕਿਸਾਨ ਯੂਨੀਅਨ, ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾ. ਦਰਸ਼ਨਪਾਲ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ, ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਅਤੇ ਜਨਰਲ ਸਕੱਤਰ ਗੁਰਨਾਮ ਸਿੰਘ ਭੀਖੀ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ ਅਤੇ ਜਨਰਲ ਸਕੱਤਰ ਹਰਜੀਤ ਸਿੰਘ ਰਵੀ, ਕੁੱਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਭੁਪਿੰਦਰ ਸਿੰਘ ਸਾਂਭਰ ਅਤੇ ਜਨਰਲ ਸਕੱਤਰ ਬਲਦੇਵ ਸਿੰਘ ਨਿਹਾਲਗੜ੍ਹ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਅਤੇ ਜਨਰਲ ਸਕੱਤਰ ਨਿਰਵੈਲ ਸਿੰਘ ਡਾਲੇਕੇ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੈ ਪ੍ਰੈੱਸ ਸਕੱਤਰ ਜਤਿੰਦਰ ਸਿੰਘ ਛੀਨਾ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਮੇਜਰ ਸਿੰਘ ਪੁੰਨਾਂਵਾਲਾ ਅਤੇ ਜੈ ਕਿਸਾਨ ਅੰਦੋਲਨ ਦੇ ਪੰਜਾਬ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਬਰਨਾਲਾ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਅਤੇ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ, ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਆਗੂ ਮਨਜੀਤ ਸਿੰਘ ਰਾਏ ਤੇ ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਦੇਸ਼ ਭਰ ਦੀ ਕਿਸਾਨੀ ਲਈ ਆਉਣ ਵਾਲਾ ਇਹ ਸੰਕਟ ਨਾ ਸਿਰਫ਼ ਕਿਸਾਨਾਂ ਦੀ ਬਰਬਾਦੀ ਦਾ ਕਾਰਨ ਬਣੇਗਾ, ਸਗੋਂ ਮੰਡੀ-ਬੋਰਡ ਦੇ ਲੱਖਾਂ ਮੁਲਾਜ਼ਮਾਂ ਅਤੇ ਮਜ਼ਦੂਰਾਂ ਦੇ ਰੁਜ਼ਗਾਰ ਨੂੰ ਵੀ ਖ਼ਤਮ ਕਰ ਦੇਵੇਗਾ। ਕੇਂਦਰੀ ਮੰਤਰੀ ਗਡਕਰੀ ਵਲੋਂ ਇਹ ਕਹਿਣ ਕਿ ਅੰਤਰਰਾਸ਼ਟਰੀ ਮੰਡੀ ਨਾਲੋਂ ਭਾਰਤ ‘ਚ ਫ਼ਸਲਾਂ ਦਾ ਮੁੱਲ ਜ਼ਿਆਦਾ ਹੈ, ਸਪੱਸ਼ਟ ਕਰਦਾ ਹੈ ਕਿ ਨਿੱਜੀ ਵਪਾਰੀ ਅਤੇ ਕਾਰਪੋਰੇਟ ਘਰਾਣੇ ਮਨਮਰਜ਼ੀ ਨਾਲ ਆਪਣੀਆਂ ਸ਼ਰਤਾਂ ਲਾ ਕੇ ਫ਼ਸਲਾਂ ਖ਼ਰੀਦਣਗੇ।


Share