3 ਅਮਰੀਕੀ ਪੱਤਰਕਾਰਾਂ ਨੂੰ ਚੀਨ ਨੇ ਦੇਸ਼ ‘ਚੋਂ ਕੱਢਿਆ

1506
Share

ਬੀਜਿੰਗ, 19 ਮਾਰਚ (ਪੰਜਾਬ ਮੇਲ)- ਅਮਰੀਕਾ ਦੇ ਨਾਲ ਚਲ ਰਹੇ ਤਣਾਅ ਦੇ ਵਿਚ ਚੀਨ ਨੇ ਤਿੰਨ ਅਮਰੀਕੀ ਪੱਤਰਕਾਰਾਂ ਨੂੰ ਦੇਸ਼ ਤੋਂ ਬਾਹਰ ਜਾਣ ਦਾ ਆਦੇਸ਼ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਨਿਊਯਾਰਕ ਟਾਈਮਸ, ਵਾਸ਼ਿੰਗਟਨ ਪੋਸਟ ਅਤੇ ਵਾਲ ਸਟਰੀਟ ਜਨਰਲ ਦੇ ਪੱਤਰਕਾਰਾਂ ਨੂੰ 10 ਦਿਨਾਂ ਦੇ ਅੰਦਰ ਅਪਣੇ ਮੀਡੀਆ ਪਾਸ ਵਾਪਸ ਕਰਨ ਦੇ ਲਈ ਕਿਹਾ ਹੈ। ਚੀਨ ਨੇ ਕਿਹਾ ਕਿ ਉਸ ਨੇ ਅਮਰੀਕਾ ਵਿਚ ਚੀਨ ਦੇ ਮੀਡੀਆ ਅਦਾਰਿਆਂ ‘ਤੇ ਅਣਉਚਿਤ ਪਾਬੰਦੀਆਂ ਦੇ ਜਵਾਬ  ਵਿਚ ਇਹ ਕਦਮ ਚੁੱਕਿਆ ਹੈ। ਫ਼ੈਸਲੇ ਮੁਤਾਬਕ ਤਿੰਨਾਂ ਪੱਤਰਕਾਰਾਂ ਨੂੰ ਹਾਂਗਕਾਂਗ ਅਤੇ ਮਕਾਊ ਸਣੇ ਚੀਨ ਦੇ ਕਿਸੇ ਵੀ ਹਿੱਸੇ ਵਿਚ ਕੰਮ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਚੀਨ ਨੇ ਵਾਇਸ ਆਫ਼ ਅਮਰੀਕਾ, ਦ ਨਿਊਯਾਰਕ ਟਾਈਮਸ, ਦ ਵਾਲ ਸਟਰੀਟ ਜਨਰਲ, ਦ ਵਾਸ਼ਿੰਗਟਨ ਪੋਸਟ ਅਤੇ ਟਾਈਮ ਮੈਗਜ਼ੀਨ ਨੂੰ ਕਿਹਾ ਕਿ ਉਹ ਚੀਨ ਵਿਚ ਮੌਜੂਦ ਅਪਣੇ ਕਰਮਚਾਰੀਆਂ, ਸੰਪਤੀਆਂ, ਕੰਮਕਾਜ ਅਤੇ ਰਿਅਲ ਅਸਟੇਟ ਪ੍ਰਾਪਰਟੀ ਦੇ ਬਾਰੇ ਵਿਚ ਲਿਖਤੀ ਵਿਚ ਜਾਣਕਾਰੀ ਦੇਵੇ। ਨਿਰਪੱਖ ਪੱਤਰਕਾਰੀ ਨੂੰ ਲੈ ਕੇ ਦੋਵੇਂ ਦੇਸ਼ਾਂ ਦੇ ਵਿਚ ਵਿਵਾਦ ਫਰਵਰੀ ਵਿਚ ਉਸ ਸਮੇਂ ਸ਼ੁਰੂ ਹੋਇਆ ਸੀ ਜਦ ਚੀਨ ਨੇ ਵਾਲ ਸਟਰੀਟ ਜਨਰਲ ਦੇ ਤਿੰਨ ਪੱਤਰਕਾਰਾਂ ਨੂੰ ਦੇਸ਼ ਤੋਂ ਕੱਢ ਦਿੱਤਾ ਸੀ।
ਇਹ ਕਾਰਵਾਈ ਚੀਨ ਏ ਰਿਅਲ ਸਿਕ ਮੈਨ ਆਫ਼ ਏਸ਼ੀਆ ਸਿਰਲੇਖ ਹੇਠ ਛਪੇ ਸੰਪਾਦਕੀ ਨੂੰ ਲੈ ਕੇ ਕੀਤੀ ਗਈ ਸੀ।  ਜਿਹੜੇ ਪੱਤਰਕਾਰਾਂ ਨੂੰ ਕੱਢਿਆ ਗਿਆ ਸੀ ਉਨ੍ਹਾਂ ਵਿਚ ਦੋ ਅਮਰੀਕੀ ਅਤੇ ਇੱਕ ਆਸਟ੍ਰੇਲੀਆਈ ਨਾਗਰਿਕ ਸੀ।  ਇਸੇ  ਦੀ ਪ੍ਰਤੀਕ੍ਰਿਆ ਵਿਚ ਮਾਰਚ ਦੀ ਸ਼ੁਰੂਆਤ ਵਿਚ ਅਮਰੀਕਾ ਨੇ ਕਿਹਾ ਸੀ ਕਿ ਉਹ ਦੇਸ਼ ਵਿਚ ਚੀਨ ਦੇ ਮੀਡੀਆ ਅਦਾਰਿਆਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਗਿਣਤੀ 160 ਤੋਂ ਘਟਾ ਕੇ 100 ਕਰੇਗਾ।
ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਚੀਨ  ਨੂੰ ਇਸ ਫ਼ੈਸਲੇ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਪੋਂਪੀਓ ਨੇ ਕਿਹਾ ਕਿ ਮੈਨੂੰ ਚੀਨ ਦੇ ਫ਼ੈਸਲੇ ‘ਤੇ ਦੁਖ ਹੈ। ਇਸ ਨਾਲ ਦੁਨੀਆ ਵਿਚ ਨਿਰਪੱਖ ਪੱਤਰਕਾਰੀ ਦੇ ਮਕਸਦ ਨੂੰ ਧੱਕਾ ਲੱਗੇਗਾ। ਕੌਮਾਂਤਰੀ ਸੰਕਟ ਦੇ ਦੌਰ ਵਿਚ ਚੀਨ ਦੇ ਲੋਕਾਂ ਨੂੰ ਜ਼ਿਆਦਾ ਸੂਚਨਾਵਾਂ ਅਤੇ ਜ਼ਿਆਦਾ ਪਾਰਦਰਸ਼ਤਾ ਦੀ ਜ਼ਰੂਰਤ ਹੈ ਤਾਕਿ ਉਨ੍ਹਾਂ ਦੀ ਜਾਨ ਬਚ ਸਕੇ।


Share