ਸ. ਤਰਨਜੀਤ ਸਿੰਘ ਸੰਧੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

415
Share

ਅੰਮ੍ਰਿਤਸਰ, 30 ਜੁਲਾਈ (ਪੰਜਾਬ ਮੇਲ)- ਅਮਰੀਕਾ ਵਿਚ ਭਾਰਤੀ ਸਫੀਰ ਸ. ਤਰਨਜੀਤ ਸਿੰਘ ਸੰਧੂ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਪ੍ਰਗਟਾਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸਨਮਾਨਿਤ ਕੀਤਾ ਅਤੇ ਅਮਰੀਕਾ ਅੰਦਰ ਵੱਸਦੇ ਸਿੱਖਾਂ ਦੇ ਮਸਲਿਆਂ ਬਾਰੇ ਚਰਚਾ ਕੀਤੀ।  ਬੀਬੀ ਜਗੀਰ ਕੌਰ ਨੇ ਸ. ਤਰਨਜੀਤ ਸਿੰਘ ਸੰਧੂ ਨਾਲ ਅਮਰੀਕਾ ਅੰਦਰ ਸਿੱਖਾਂ ’ਤੇ ਹੁੰਦੇ ਨਸਲੀ ਹਮਲਿਆਂ ਦਾ ਮਾਮਲਾ ਵਿਚਾਰਿਆ, ਜਿਸ ’ਤੇ ਸ. ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਉਹ ਇਸ ਮਾਮਲੇ ’ਤੇ ਪਹਿਲਾਂ ਵੀ ਸੰਜੀਦਗੀ ਨਾਲ ਕੰਮ ਕਰ ਰਹੇ ਹਨ ਅਤੇ ਭਵਿੱਖ ਵਿਚ ਕਰਦੇ ਰਹਿਣਗੇ। ਬੀਬੀ ਜਗੀਰ ਕੌਰ ਨੇ ਇਸ ਮੌਕੇ ਕਿਹਾ ਕਿ ਖ਼ੁਸ਼ੀ ਦੀ ਗੱਲ ਹੈ ਕਿ ਪੰਥਕ ਆਗੂ ਸ. ਤੇਜਾ ਸਿੰਘ ਸਮੁੰਦਰੀ ਦੇ ਪਰਿਵਾਰ ਦਾ ਵਾਰਸ ਸ. ਤਰਨਜੀਤ ਸਿੰਘ ਸੰਧੂ ਅਮਰੀਕਾ ਵਿਚ ਭਾਰਤ ਦੀ ਨੁਮਾਇੰਦਗੀ ਕਰ ਰਿਹਾ ਹੈ। ਇਸ ਦੌਰਾਨ ਸ. ਤਰਨਜੀਤ ਸਿੰਘ ਸੰਧੂ ਨੇ ਸਨਮਾਨ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਧੰਨਵਾਦ ਕੀਤਾ। ਗੌਰਤਲਬ ਹੈ ਕਿ ਸ. ਤਰਨਜੀਤ ਸਿੰਘ ਸੰਧੂ ਭਾਰਤ ਤੇ ਅਮਰੀਕਾ ਦੇ ਚੰਗੇ ਸਬੰਧਾਂ ਨੂੰ ਲੈ ਕੇ ਹਮੇਸ਼ਾ ਹੀ ਯਤਨਸ਼ੀਲ ਰਹੇ ਹਨ।ਕੋਰੋਨਾ ਲਾਗ ਦੀ ਬਿਮਾਰੀ ਦੌਰਾਨ ਸ. ਸੰਧੂ ਨੇ ਭਾਰਤੀ ਅਮਰੀਕੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਵੀ ਅਮਰੀਕੀ ਪ੍ਰਸ਼ਾਸਨ ਨਾਲ ਵਿਚਾਰ-ਚਰਚਾ ਕੀਤੀ ਸੀ। ਇਸ ਤੋਂ ਇਲਾਵਾ ਸ. ਸੰਧੂ ਅਤੇ ਉਨ੍ਹਾਂ ਦੀ ਪਤਨੀ ਭਾਰਤੀ ਵਿਦੇਸ਼ ਨੀਤੀ ਦਾ ਵੀ ਅਹਿਮ ਹਿੱਸਾ ਹਨ।


Share