29 ਮਾਰਚ ਨੂੰ ਫਰਿਜ਼ਨੋ ‘ਚ ਹੋਣ ਵਾਲਾ ਗਦਰੀ ਬਾਬਿਆਂ ਦਾ ਮੇਲਾ ਮੁਲਤਵੀ

781
Share

ਫਰਿਜ਼ਨੋ, 18 ਮਾਰਚ (ਪੰਜਾਬ ਮੇਲ)- ਇੰਡੋ ਅਮੈਰੀਕਨ ਹੈਰੀਟੇਜ਼ ਫੋਰਮ ਦੀ ਇਕ ਹੰਗਾਮੀ ਮੀਟਿੰਗ ਫਰਿਜ਼ਨੋ ‘ਚ ਹੋਈ। ਇਸ ਮੀਟਿੰਗ ਵਿਚ ਕੋਰੋਨਾਵਾਇਰਸ ਦੇ ਪ੍ਰਕੋਪ ਦੇ ਚੱਲਦਿਆਂ, ਸਟੇਟ ਆਫ ਕੈਲੀਫੋਰਨੀਆਂ ਵਲੋਂ 250 ਬੰਦਿਆਂ ਤੋਂ ਵੱਧ ‘ਤੇ ਲਾਈ ਪਾਬੰਦੀ ਅਤੇ ਹੋਰਾਂ ਮਾਹਰਾਂ ਅਤੇ ਸਰਕਾਰੀ ਅਦਾਰਿਆਂ ਦੀਆਂ ਹਦਾਇਤਾਂ ਦਾ ਧਿਆਨ ਕਰਦਿਆਂ, ਫੋਰਮ ਨੇ 29 ਮਾਰਚ ਨੂੰ ਫਰਿਜ਼ਨੋ ‘ਚ ਹੋਣ ਵਾਲਾ 20ਵਾਂ ਗਦਰੀ ਬਾਬਿਆਂ ਦਾ ਮੇਲਾ ਮੁਲਤਵੀ ਕਰ ਦਿੱਤਾ ਹੈ। ਮੀਟਿੰਗ ਨੇ ਆਸ ਪ੍ਰਗਟ ਕੀਤੀ ਕਿ ਸੰਸਾਰ ਡਾਕਟਰੀ ਮਾਹਰਾਂ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਛੇਤੀ ਹੀ ਇਸ ਵਾਇਰਸ ‘ਤੇ ਕਾਬੂ ਪਾ ਲਏਗਾ ਅਤੇ ਅਸੀਂ ਆਉਣ ਵਾਲੇ ਸਮੇਂ ਵਿਚ ਇਸ ਮੇਲੇ ਅਤੇ ਹੋਰ ਭਵਿੱਖ ਦੇ ਪ੍ਰੋਗਰਾਮਾਂ ਨੂੰ ਵਿਚਾਰਾਂਗੇ।
ਸਮੂਹ ਮੈਂਬਰਾਂ ਨੇ ਇਸ ਗੱਲ ‘ਤੇ ਸਹਿਮਤੀ ਪ੍ਰਗਟ ਕੀਤੀ ਕਿ ਫੋਰਮ ਇਸ ਨਵੀਂ ਬੀਮਾਰੀ ਦੇ ਫੈਲਾਅ ਨੂੰ ਘੱਟ ਕਰਨ ਲਈ ਆਪਣਾ ਹਰ ਤਰ੍ਹਾਂ ਦਾ ਯੋਗਦਾਨ ਦੇਵੇਗਾ। ਇਸ ਮੇਲੇ ਦੀ ਤਿਆਰੀ ਲਈ ਹੁਣ ਤੱਕ ਮਿਲੇ ਲੋਕਾਂ ਦੇ ਭਰਪੂਰ ਸਾਥ ਲਈ ਆਪਣੇ ਸਾਰੇ ਸਪਾਂਸਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਫੋਰਮ ਨੇ ਸਮੂਹ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਮਾਹਰਾਂ ਦੀਆਂ ਸਲਾਹਾਂ ਨੂੰ ਸੁਣਨ ਅਤੇ ਮੰਨ ਕੇ ਆਪਣੇ ਆਪ ਨੂੰ ਅਤੇ ਦੂਜੇ ਲੋਕਾਂ ਨੂੰ ਸਿਹਤਮੰਦ ਰੱਖਣ ਲਈ ਆਪਣਾ ਹਰ ਤਰ੍ਹਾਂ ਦਾ ਸਹਿਯੋਗ ਦੇਣ। ਫੋਰਮ ਨੇ ਲੋਕਾਂ ਨੂੰ ਇਸ ਨਾਜ਼ੁਕ ਵਕਤ ‘ਤੇ ਹਰ ਤਰ੍ਹਾਂ ਦੀਆਂ ਅਫਵਾਹਾਂ ਅਤੇ ਨੀਮ ਹਕੀਮਾਂ ਦੀਆਂ ਸਲਾਹਾਂ ਤੋਂ ਪਰ੍ਹੇ ਰਹਿਣ ਦੀ ਬੇਨਤੀ ਕੀਤੀ ਹੈ, ਤਾਂ ਕਿ ਅਸੀਂ ਛੇਤੀ ਤੋਂ ਛੇਤੀ ਇਸ ਸੰਸਾਰ ਵਿਆਪੀ ਅਲਾਮਤ ਤੋਂ ਛੁਟਕਾਰਾ ਪਾ ਸਕੀਏ।


Share