26/11 ਹਮਲਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀਆਂ ਕੋਸ਼ਿਸ਼ਾਂ ‘ਸਿਆਸੀ ਕਾਰਨਾਂ’ ਕਰਕੇ ਰੁਕੀਆਂ: ਭਾਰਤ

117
ਸੰਯੁਕਤ ਰਾਸ਼ਟਰ, 26 ਨਵੰਬਰ (ਪੰਜਾਬ ਮੇਲ)- ਭਾਰਤ ਨੇ ਚੀਨ ਦੇ ਅਸਿੱਧੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ 26/11 ਮੁੰਬਈ ਦਹਿਸ਼ਤੀ ਹਮਲਿਆਂ ਦੇ ਸਾਜ਼ਿਸ਼ਕਾਰਾਂ ਤੇ ਸਰਪ੍ਰਸਤਾਂ ਨੂੰ ਸਜ਼ਾਵਾਂ ਦਿਵਾਉਣ ਦੀਆਂ ਉਸ ਦੀਆਂ ਕੋਸ਼ਿਸ਼ਾਂ ‘ਸਿਆਸੀ ਕਾਰਨਾਂ’ ਕਰਕੇ ਰੁਕੀਆਂ ਹਨ। ਕਾਬਿਲੇਗੌਰ ਹੈ ਕਿ ਨਵੀਂ ਦਿੱਲੀ ਨੇ ਪਾਕਿਸਤਾਨ ਆਧਾਰਿਤ ਦਹਿਸ਼ਤਗਰਦਾਂ ਨੂੰ ਸੰਯੁਕਤ ਰਾਸ਼ਟਰ ਵਿਚ ਬਲੈਕਲਿਸਟ ਕੀਤੇ ਜਾਣ ਲਈ ਕਈ ਵਾਰ ਕੋੋਸ਼ਿਸ਼ਾਂ ਕੀਤੀਆਂ ਹਨ, ਪਰ ਚੀਨ ਆਪਣੀ ਵੀਟੋ ਤਾਕਤ ਦੇ ਸਿਰ ’ਤੇ ਲਗਾਤਾਰ ਇਨ੍ਹਾਂ ਨੂੰ ਨਾਕਾਮ ਕਰ ਦਿੰਦਾ ਹੈ। ਭਾਰਤ ਨੇ ਕਿਹਾ ਕਿ ਚੀਨ ਦੇ ਇਸ ਕਦਮ ਕਰਕੇ ਦਹਿਸ਼ਤਗਰਦ ਖੁੱਲ੍ਹੇਆਮ ਘੁੰਮ ਰਹੇ ਹਨ ਤੇ ਉਹ ਸਰਹੱਦ ਪਾਰੋਂ ਲਗਾਤਾਰ ਭਾਰਤ ’ਤੇ ਹਮਲੇ ਕਰ ਰਹੇ ਹਨ। ਸੰਯੁਕਤ ਰਾਸ਼ਟਰ ਵਿਚ ਭਾਰਤ ਦੀ ਸਥਾਈ ਪ੍ਰਤੀਨਿਧ ਰੁਚਿਰਾ ਕੰਬੋਜ ਨੇ ਕਿਹਾ ਕਿ ਅੱਤਵਾਦ ਕੁੱਲ ਆਲਮ ਦੀ ਸ਼ਾਂਤੀ ਤੇ ਸੁਰੱਖਿਆ ਲਈ ‘ਵੱਡੀ ਵੰਗਾਰ’ ਸੀ ਤੇ ਰਹੇਗੀ ਕਿਉਂਕਿ ਆਈ.ਐੱਸ.ਆਈ.ਐੱਸ. ਤੇ ਅਲ-ਕਾਇਦਾ ਨਾਲ ਜੁੜੇ ਤੇ ਉਸ ਤੋਂ ਪ੍ਰੇਰਿਤ ਸਮੂਹ, ਖਾਸ ਕਰਕੇ ਏਸ਼ੀਆ ਤੇ ਅਫ਼ਰੀਕਾ ਵਿਚ, ਲਗਾਤਾਰ ਸਰਗਰਮ ਹਨ ਅਤੇ ਆਮ ਲੋਕਾਂ ਤੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਕੰਬੋਜ ਨੇ ਯੂ.ਐੱਨ. ਸੁਰੱਖਿਆ ਕੌਂਸਲ ਦੀ 1267/1373/1540 ਕਮੇਟੀਆਂ ਦੀਆਂ ਚੇਅਰਾਂ ਵੱਲੋਂ ਸਾਂਝੀ ਬ੍ਰੀਫਿੰਗ ਦੌਰਾਨ ਕਿਹਾ, ‘‘ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਨਵੰਬਰ 2008 ਵਿਚ ਦਸ ਦਹਿਸ਼ਤਗਰਦ ਸਮੁੰਦਰ ਰਸਤੇ ਪਾਕਿਸਤਾਨ ਤੋਂ ਮੁੰਬਈ ਸ਼ਹਿਰ ’ਚ ਦਾਖ਼ਲ ਹੋਏ ਸੀ। ਉਨ੍ਹਾਂ ਚਾਰ ਦਿਨਾਂ ਤੱਕ ਸ਼ਹਿਰ ’ਚ ਤਬਾਹੀ ਮਚਾਈ, 166 ਲੋਕਾਂ ਨੂੰ ਮਾਰ ਮੁਕਾਇਆ, ਜਿਨ੍ਹਾਂ ਵਿਚ 26 ਵਿਦੇਸ਼ੀ ਨਾਗਰਿਕ ਵੀ ਸਨ।’’ ਕੰਬੋਜ ਨੇ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ, ਜਦੋਂ ਭਾਰਤ ਦੀ ਵਿੱਤੀ ਰਾਜਧਾਨੀ ਮੁੰਬਈ ਵਿਚ ਕੀਤੇ 26/11 ਦਹਿਸ਼ਤੀ ਹਮਲਿਆਂ ਦੀ 14ਵੀਂ ਬਰਸੀ ਹੈ। ਉਨ੍ਹਾਂ ਕਿਹਾ, ‘‘ਇਨ੍ਹਾਂ ਦਹਿਸ਼ਤੀ ਹਮਲਿਆਂ ਦੇ ਸਾਜ਼ਿਸ਼ਕਾਰਾਂ ਤੇ ਸਰਪ੍ਰਸਤਾਂ ਨੂੰ ਸਜ਼ਾਵਾਂ ਦਿਵਾਉਣ ਦੀਆਂ ਸਾਡੀਆਂ ਕੋਸ਼ਿਸ਼ਾਂ ਵਿਚ ਸਿਆਸੀ ਕਾਰਨਾਂ ਕਰਕੇ ਅੜਿੱਕੇ ਡਾਹੇ ਜਾਂਦੇ ਹਨ। ਇਹ ਦਹਿਸ਼ਤਗਰਦ ਖੁੱਲ੍ਹੇਆਮ ਘੁੰਮ ਰਹੇ ਹਨ ਤੇ ਸਾਡੇ ਦੇਸ਼ ਖਿਲਾਫ਼ ਲਗਾਤਾਰ ਸਰਹੱਦ ਪਾਰੋਂ ਹਮਲੇ ਕਰ ਰਹੇ ਹਨ।’’ ਇਸ ਸਾਲ ਜੂਨ ਤੋਂ ਲੈ ਕੇ ਹੁਣ ਤੱਕ ਚੀਨ, ਜੋ ਪਾਕਿਸਤਾਨ ਦਾ ਗੂੜਾ ਮਿੱਤਰ ਹੈ, ਨੇ ਪਾਕਿਸਤਾਨ ਅਧਾਰਿਤ ਦਹਿਸ਼ਤਗਰਦਾਂ ’ਤੇ ਪਾਬੰਦੀਆਂ ਲਾਉਣ ਲਈ ਪਾਏ ਮਤਿਆਂ ਵਿਚ ਅੜਿੱਕੇ ਡਾਹੇ ਹਨ।