26 ਜਨਵਰੀ ਨੂੰ ਕਿਸਾਨਾਂ ਦੇ ਨਾਲ ਵੱਡੀ ਗਿਣਤੀ ਸਾਬਕਾ ਫ਼ੌਜੀ ‘ਕਿਸਾਨ ਪਰੇਡ’ ’ਚ ਕਰਨਗੇ ਸ਼ਮੂਲੀਅਤ!

319
Share

-ਪੰਜਾਬ ਅਤੇ ਹਰਿਆਣਾ ਵਿਚ 5.98 ਲੱਖ ਸਾਬਕਾ ਫ਼ੌਜੀ
ਚੰਡੀਗੜ੍ਹ, 6 ਜਨਵਰੀ (ਪੰਜਾਬ ਮੇਲ)- ਕਿਸਾਨ ਧਿਰਾਂ ਵੱਲੋਂ ਦਿੱਲੀ ’ਚ ਐਲਾਨੀ 26 ਜਨਵਰੀ ਦੀ ‘ਕਿਸਾਨ ਪਰੇਡ’ ’ਚ ਸਾਬਕਾ ਫ਼ੌਜੀ ਮੋਹਰੀ ਬਣ ਸਕਦੇ ਹਨ। ਪੰਜਾਬ-ਹਰਿਆਣਾ ’ਚ ਸਾਬਕਾ ਫ਼ੌਜੀਆਂ ਦੀ ਵੱਡੀ ਗਿਣਤੀ ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ ਖੇਤੀ ਕਰ ਰਹੇ ਹਨ। ਉਨ੍ਹਾਂ ਨੇ ਆਪਣੀ ਜਵਾਨੀ ਸਰਹੱਦਾਂ ’ਤੇ ਹੰਢਾਈ ਹੈ। ਹੁਣ ਆਖ਼ਰੀ ਪਹਿਰ ’ਚ ਪੈਲੀਆਂ ਬਚਾਉਣ ’ਚ ਲੱਗੇ ਹੋਏ ਹਨ।
ਬਠਿੰਡਾ ਦੇ ਪਿੰਡ ਜੰਗੀਰਾਣਾ ਦੀ ਹਰ ਗਲੀ ਵਿਚ ਸਾਬਕਾ ਫ਼ੌਜੀਆਂ ਅਤੇ ਮੌਜੂਦਾ ਫ਼ੌਜੀਆਂ ਦੇ ਘਰ ਹਨ। ਪਿੰਡ ਦੇ ਸਾਬਕਾ ਸਰਪੰਚ ਹਰੀ ਸਿੰਘ ਖੁਦ ਵੀ ਸਾਬਕਾ ਫ਼ੌਜੀ ਰਹੇ ਹਨ, ਉਨ੍ਹਾਂ ਦਾ ਕਹਿਣਾ ਸੀ ਕਿ 26 ਜਨਵਰੀ ਦੀ ‘ਕਿਸਾਨ ਪਰੇਡ’ ਲਈ ਉਹ ਪਿੰਡ ਦੇ ਸਾਬਕਾ ਫ਼ੌਜੀਆਂ ਨੂੰ ਪ੍ਰੇਰਨਗੇ ਤਾਂ ਜੋ ਸਭ ਦਿੱਲੀ ਮੋਰਚੇ ’ਚ ਸ਼ਮੂਲੀਅਤ ਕਰ ਸਕਣ। ਸੂਤਰ ਦੱਸਦੇ ਹਨ ਕਿ ਕਿਸਾਨ ਧਿਰਾਂ ਵੱਲੋਂ ‘ਕਿਸਾਨ ਪਰੇਡ’ ਦੌਰਾਨ ਟਰੈਕਟਰਾਂ ਉੱਤੇ ਸਾਬਕਾ ਫ਼ੌਜੀਆਂ ਨੂੰ ਵਰਦੀਆਂ ਪੁਆ ਕੇ ਬਿਠਾਏ ਜਾਣ ਦੀ ਯੋਜਨਾ ਹੈ, ਜਿਸ ਦਾ ਵੱਡਾ ਸੁਨੇਹਾ ਜਾਵੇਗਾ।
ਐਕਸ ਸਰਵਿਸ ਮੈਨ ਲੀਗ ਬਰਨਾਲਾ ਦੇ ਆਗੂ ਹਰਜਿੰਦਰ ਸਿੰਘ ਨੇ ਦੱਸਿਆ ਕਿ ਸਾਬਕਾ ਫ਼ੌਜੀ ਪਹਿਲਾਂ ਵੀ ਬਰਨਾਲਾ ਸ਼ਹਿਰ ’ਚ ਕਿਸਾਨ ਮੋਰਚੇ ਦੀ ਹਮਾਇਤ ’ਚ ਪੈਦਲ ਮਾਰਚ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਬਹੁਤੇ ਸਾਬਕਾ ਫ਼ੌਜੀ ਖੇਤੀ ਹੀ ਕਰਦੇ ਹਨ, ਜਿਸ ਕਰਕੇ ਸਾਬਕਾ ਫ਼ੌਜੀ ਤੋਂ ਪਹਿਲਾਂ ਉਹ ਕਿਸਾਨ ਵੀ ਹਨ। ਉਹ ਇਸ ਮਾਮਲੇ ’ਚ ਪਿਛਾਂਹ ਨਹੀਂ ਹਟਣਗੇ। ਦੱਸਣਯੋਗ ਹੈ ਕਿ ਦਿੱਲੀ ਮੋਰਚੇ ’ਚ ਕਾਫ਼ੀ ਸਾਬਕਾ ਫ਼ੌਜੀ ਪਹਿਲਾਂ ਵੀ ਜਾ ਚੁੱਕੇ ਹਨ।
ਭਾਰਤ-ਪਾਕਿ ਜੰਗ ’ਚ ਹਿੱਸਾ ਲੈਣ ਵਾਲੇ ਸਾਬਕਾ ਫ਼ੌਜੀ ਤਾਂ ਕਈ ਕਈ ਦਿਨਾਂ ਤੋਂ ਦਿੱਲੀ ਮੋਰਚੇ ਵਿੱਚ ਡਟੇ ਹੋਏ ਹਨ। ਬੀਕੇਯੂ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਾਬਕਾ ਫ਼ੌਜੀਆਂ ਦੀਆਂ ਕਈ ਐਸੋਸੀਏਸ਼ਨਾਂ ਤਰਫੋਂ ‘ਦਿੱਲੀ ਮੋਰਚੇ’ ’ਚ ਸ਼ਮੂਲੀਅਤ ਲਈ ਪੇਸ਼ਕਸ਼ ਆਈ ਹੈ ਅਤੇ ਉਹ ਕਿਸਾਨ ਪਰੇਡ ਵਿਚ ਸ਼ਾਮਲ ਹੋ ਸਕਦੇ ਹਨ। ਕਾਫ਼ੀ ਸਾਬਕਾ ਫ਼ੌਜੀ ਉਨ੍ਹਾਂ ਨੂੰ ਮਿਲ ਕੇ ਵੀ ਗਏ ਹਨ। ਪਤਾ ਲੱਗਾ ਹੈ ਕਿ ਸਾਬਕਾ ਫ਼ੌਜੀ ਅਫਸਰਾਂ ਵੱਲੋਂ ਤਗ਼ਮੇ ਵਾਪਸ ਕਰਨ ਦਾ ਪ੍ਰੋਗਰਾਮ ਵੀ ਬਣਾਇਆ ਗਿਆ ਹੈ। ਹਾਲਾਤਾਂ ਦੇ ਮੱਦੇਨਜ਼ਰ ਜਾਪਦਾ ਹੈ ਕਿ 26 ਜਨਵਰੀ ਨੂੰ ਕਿਸਾਨਾਂ ਦੇ ਨਾਲ ਵੱਡੀ ਗਿਣਤੀ ਸਾਬਕਾ ਫ਼ੌਜੀ ‘ਕਿਸਾਨ ਪਰੇਡ’ ’ਚ ਸ਼ਮੂਲੀਅਤ ਕਰ ਸਕਦੇ ਹਨ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਵਿਚ ਕਾਫ਼ੀ ਗਿਣਤੀ ਵਿਚ ਸਾਬਕਾ ਫ਼ੌਜੀ ਸ਼ਾਮਲ ਹਨ, ਜਿਨ੍ਹਾਂ ਵੱਲੋਂ ਹੁਣ ‘ਦਿੱਲੀ ਮੋਰਚੇ’ ਲਈ ਆਪਣੇ ਪਿੰਡਾਂ ਵਿਚਲੇ ਸਾਥੀਆਂ ਦੀ ਸ਼ਮੂਲੀਅਤ ਕਰਵਾਉਣ ਲਈ ਮੁਹਿੰਮ ਵਿੱਢੀ ਹੋਈ ਹੈ। ਉਨ੍ਹਾਂ ਕਿਹਾ ਕਿ ਬੱਝਵੇਂ ਰੂਪ ਵਿਚ 26 ਜਨਵਰੀ ਵਾਲੇ ਦਿਨ ਸਾਬਕਾ ਫ਼ੌਜੀ ‘ਕਿਸਾਨ ਪਰੇਡ’ ਲਈ ਆ ਸਕਦੇ ਹਨ, ਜਿਸ ਨਾਲ ਕਿਸਾਨੀ ਅੰਦੋਲਨ ਨੂੰ ਹੋਰ ਬਲ ਮਿਲੇਗਾ।
ਬੀਕੇਯੂ (ਡਕੌਂਦਾ) ਦੇ ਜਰਨਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਤਗ਼ਮੇ ਵਾਪਸ ਕਰਨ ਵਾਲੇ ਸਾਬਕਾ ਫ਼ੌਜੀ ਅਫਸਰਾਂ ਵੱਲੋਂ ਸੰਪਰਕ ਕੀਤਾ ਗਿਆ, ਜਿਨ੍ਹਾਂ ਨਾਲ 23 ਜਾਂ 24 ਜਨਵਰੀ ਨੂੰ ਮੀਟਿੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਬਕਾ ਫ਼ੌਜੀਆਂ ਦੇ ਵੀ ਅੱਜ ਸਰਕਾਰਾਂ ਪਾਸੋਂ ਹੱਥ ਖਾਲੀ ਹੀ ਹਨ ਅਤੇ ਹੁਣ ਖੇਤੀ ਵੀ ਸਭਨਾਂ ਤੋਂ ਖੋਹਣ ਦੇ ਰਾਹ ਪਈ ਹੋਈ ਹੈ। ਉਨ੍ਹਾਂ ਕਿਹਾ ਕਿ ਸਾਬਕਾ ਫ਼ੌਜੀਆਂ ਦੀ ਸ਼ਮੂਲੀਅਤ ਨਾਲ ਕਿਸਾਨ ਮੋਰਚੇ ਨੂੰ ਵੱਡਾ ਹੁਲਾਰਾ ਮਿਲੇਗਾ।
ਵੇਰਵਿਆਂ ਅਨੁਸਾਰ ਪੰਜਾਬ ਅਤੇ ਹਰਿਆਣਾ ਵਿਚ ਇਸ ਵੇਲੇ 5.98 ਲੱਖ ਸਾਬਕਾ ਫ਼ੌਜੀ ਹਨ, ਜਿਨ੍ਹਾਂ ਵਿਚੋਂ ਪੰਜਾਬ ਦੇ 3.08 ਲੱਖ ਅਤੇ ਹਰਿਆਣਾ ਦੇ 2.90 ਲੱਖ ਸਾਬਕਾ ਫ਼ੌਜੀ ਸ਼ਾਮਲ ਹਨ। ਪੰਜਾਬ ਦੇ 12,112 ਸਾਬਕਾ ਫ਼ੌਜੀ ਹਵਾਈ ਫ਼ੌਜ ਵਿਚੋਂ ਸੇਵਾਮੁਕਤ ਹੋਏ ਹਨ। ਦੇਸ਼ ਭਰ ਵਿਚ ਇਸ ਵੇਲੇ 26.75 ਲੱਖ ਸਾਬਕਾ ਫ਼ੌਜੀ ਹਨ, ਜਿਨ੍ਹਾਂ ਵਿਚੋਂ 2.24 ਲੱਖ ਹਵਾਈ ਫ਼ੌਜ ਤੋਂ ਹਨ। ਪੰਜਾਬ ਵਿਚ ਮਾਝੇ ਦੇ ਕਈ ਪਿੰਡਾਂ ’ਚ ਸਾਬਕਾ ਫ਼ੌਜੀਆਂ ਦੀ ਫ਼ੌਜ ਹੈ।

Share