24 ਘੰਟਿਆਂ ਦੌਰਾਨ ਚੌਥੀ ਵਾਰ ਹਿਮਾਚਲ ਪ੍ਰਦੇਸ਼ ਦੀ ਧਰਤੀ ਭੂਚਾਲ ਦੇ ਝਟਕਿਆਂ ਨਾਲ ਕੰਬੀ

908
Share

ਸ਼ਿਮਲਾ, 29 ਫਰਵਰੀ (ਪੰਜਾਬ ਮੇਲ)- ਹਿਮਾਚਲ ਪ੍ਰਦੇਸ਼ ਦੀ ਧਰਤੀ 24 ਘੰਟਿਆਂ ਦੌਰਾਨ ਚੌਥੀ ਵਾਰ ਭੂਚਾਲ ਦੇ ਝਟਕਿਆਂ ਨਾਲ ਕੰਬੀ ਹੈ। ਲਗਾਤਾਰ ਲੱਗ ਰਹੇ ਭੂਚਾਲ ਦੇ ਝਟਕਿਆਂ ਕਾਰਨ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਭਾਵ ਸ਼ਨੀਵਾਰ ਸਵੇਰਸਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਬਿੰਦੂ ਚੰਬਾ ਰਿਹਾ ਪਰ ਇਸ ਦੇ ਝਟਕੇ ਕਾਂਗੜਾ, ਲਾਹੁਲ-ਸਪਿਤੀ ਅਤੇ ਹੋਰ ਨੇੜੇ ਦੇ ਜ਼ਿਲ੍ਹਿਆਂ ‘ਚ ਮਹਿਸੂਸ ਕੀਤੇ ਗਏ। ਇਸ ਦੀ ਤੀਬਰਤਾ 3.2 ਮਾਪੀ ਗਈ। ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ’ਚ ਸ਼ੁੱਕਰਵਾਰ ਨੂੰ ਜਿੱਥੇ ਸਵੇਰਸਾਰ 10 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਉੱਥੇ ਹੀ ਦੁਪਹਿਰ ਤੋਂ ਬਾਅਦ 2 ਵਾਰ ਭੂਚਾਲ ਦੇ ਝਟਕੇ ਲੱਗੇ। ਦੱਸ ਦੇਈਏ ਕਿ ਕੁੱਲੂ ਜ਼ਿਲੇ ‘ਚ ਸ਼ੁੱਕਰਵਾਰ ਸਵੇਰੇ ਘੱਟ ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸ਼ਿਮਲਾ ਮੌਸਮ ਵਿਗਿਆਨ ਕੇਂਦਰ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਦੱਸਿਆ ਕਿ ਸਵੇਰੇ 10.48 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 2.7 ਮਾਪੀ ਗਈ। ਭੂਚਾਲ ਦਾ ਕੇਂਦਰ ਕੁੱਲੂ ਜ਼ਿਲੇ ਦੇ ਉੱਤਰ-ਪੂਰਬ ‘ਚ 5 ਕਿਲੋਮੀਟਰ ਜ਼ਮੀਨੀ ਪਰਤ ਤੋਂ ਹੇਠਾਂ ਸੀ।

ਇਸ ਤੋਂ ਬਾਅਦ ਸ਼ੁੱਕਰਵਾਰ ਦੁਪਹਿਰ 2 ਵੱਜ ਕੇ 42 ਮਿੰਟ ’ਤੇ ਫਿਰ ਭੂਚਾਲ ਦੇ ਝਟਕੇ ਲੱਗੇ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 3.1 ਮਾਪੀ ਗਈ। ਇਸ ਤੋਂ ਇਲਾਵਾ ਤੀਜੀ ਵਾਰ ਭੂਚਾਲ ਸ਼ੁੱਕਰਵਾਰ ਦੁਪਹਿਰ ਤੋਂ ਬਾਅਦ 4 ਵੱਜ ਕੇ 37 ਮਿੰਟ ’ਤੇ ਆਇਆ, ਜਿਸ ਦੀ ਰਿਕਟਰ ਪੈਮਾਨੇ ’ਤੇ ਤੀਬਰਤਾ 4.1 ਮਾਪੀ ਗਈ। ਇਸ ਵਾਰ ਭੂਚਾਲ ਦਾ ਕੇਂਦਰ ਜੰਮੂ-ਕਸ਼ਮੀਰ ਅਤੇ ਹਿਮਾਚਲ ਦੀ ਸਰਹੱਦ ’ਚ ਜ਼ਮੀਨ ਤੋਂ 10 ਕਿਲੋਮੀਟਰ ਹੇਠਾ ਰਿਹਾ। ਦੱਸਿਆ ਜਾਂਦਾ ਹੈ ਕਿ ਭੂਚਾਲ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ।


Share