22 ਮਈ ਤੋਂ ਖੁੱਲ੍ਹਣਗੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ

185
Share

ਅੰਮ੍ਰਿਤਸਰ, 1 ਅਪਰੈਲ (ਪੰਜਾਬ ਮੇਲ)- ਉੱਤਰਾਖੰਡ ਵਿਚ ਪੰਦਰਾਂ ਹਜ਼ਾਰ ਫੁੱਟ ਦੀ ਉਚਾਈ ’ਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਇਸ ਵਾਰ ਸਾਲਾਨਾ ਯਾਤਰਾ ਲਈ 22 ਮਈ ਨੂੰ ਖੋਲ੍ਹੇ ਜਾਣਗੇ। ਇਹ ਫ਼ੈਸਲਾ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵੱਲੋਂ ਉੱਤਰਾਖੰਡ ਸਰਕਾਰ ਨਾਲ ਸਲਾਹ ਮਸ਼ਵਰਾ ਕਰਨ ਮਗਰੋਂ ਕੀਤਾ ਗਿਆ ਹੈ। ਇਹ ਜਾਣਕਾਰੀ ਟਰੱਸਟ ਦੇ ਮੀਤ ਚੇਅਰਮੈਨ ਨਰਿੰਦਰ ਜੀਤ ਸਿੰਘ ਬਿੰਦਰਾ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਪਹਿਲਾਂ ਟਰੱਸਟ ਦੇ ਮੈਂਬਰਾਂ ਅਤੇ ਅਧਿਕਾਰੀਆਂ ਸਮੇਤ ਭਾਰਤੀ ਫੌਜ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਸੀ, ਜਿਨ੍ਹਾਂ ਨੇ ਇਸ ਤੋਂ ਪਹਿਲਾਂ ਸਮੁੱਚੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਉਸ ਤੋਂ ਬਾਅਦ ਉਤਰਾਖੰਡ ਸਰਕਾਰ ਨਾਲ ਵਿਚਾਰ ਕਰਨ ਮਗਰੋਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 22 ਮਈ ਐਤਵਾਰ ਨੂੰ ਸਵੇਰੇ ਸਾਢੇ ਦੱਸ ਵਜੇ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਇਸ ਵੇਲੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਆਲੇ ਦੁਆਲੇ ਅੱਠ ਤੋਂ ਦੱਸ ਫੁੱਟ ਤੱਕ ਬਰਫ ਹੈ। ਗੁਰਦੁਆਰੇ ਦਾ ਸਰੋਵਰ, ਆਸਪਾਸ ਦੀਆਂ ਚੋਟੀਆਂ ਅਤੇ ਗੁਰਦੁਆਰੇ ਦੇ ਆਲੇ ਦੁਆਲੇ ਬਰਫ਼ ਜੰਮੀ ਹੋਈ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਫ਼ੌਜ ਦੀ 418 ਇੰਡੀਪੈਂਡੈਂਟ ਇੰਜਨੀਅਰਜ਼ ਕੋਰ ਵੱਲੋਂ ਅਪਰੈਲ ਦੇ ਦੂਜੇ ਹਫ਼ਤੇ ਤੋਂ ਬਰਫ ਹਟਾਉਣ ਦੀ ਸੇਵਾ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਦੌਰਾਨ ਮੈਨੇਜਮੈਂਟ ਟਰੱਸਟ ਵੱਲੋਂ ਸ਼ਰਧਾਲੂਆਂ ਦੀ ਆਮਦ ਸਬੰਧੀ ਹੋਰ ਲੋੜੀਂਦੇ ਪ੍ਰਬੰਧ ਕਰਨੇ ਆਰੰਭ ਕਰ ਦਿੱਤੇ ਹਨ। ਦੋ ਸਾਲਾਂ ਦੌਰਾਨ ਕਰੋਨਾ ਕਾਲ ਵੇਲੇ ਇਹ ਸਾਲਾਨਾ ਯਾਤਰਾ ਪੂਰੀ ਤਰ੍ਹਾਂ ਆਰੰਭ ਨਹੀਂ ਹੋ ਸਕੀ ਸੀ।


Share