21 ਸਾਲ ਤੋਂ ਘੱਟ ਉਮਰ ਦੇ ਅਮਰੀਕੀਆਂ ਨੂੰ ਹੈਂਡਗੰਨ ਦੀ ਵਿਕਰੀ ’ਤੇ ਰੋਕ ਗੈਰਸੰਵਿਧਾਨਕ : ਫੈਡਰਲ ਅਦਾਲਤ

318
Share

-ਕਿਹਾ: ਅਜਿਹਾ ਕਰਨਾ ਸੰਵਿਧਾਨ ਦੀ ਦੂਸਰੀ ਸੋਧ ਦੀ ਉਲੰਘਣਾ
– ਨੌਜਵਾਨਾਂ ’ਚ ਵਧ ਰਹੀ ਹਿੰਸਾ ਪ੍ਰਵਿਰਤੀ ਕਾਰਨ ਘੱਟ ਉਮਰ ਦੇ ਅਮਰੀਕਨਾਂ ਨੂੰ ਹਥਿਆਰ ਨਾ ਵੇਚਣ ਦੀ ਉੱਠ ਰਹੀ ਹੈ ਮੰਗ
ਸੈਕਰਾਮੈਂਟੋ, 14 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਕ ਫੈਡਰਲ ਅਦਾਲਤ ਨੇ ਇਕ ਪਟੀਸ਼ਨ ਉਪਰ ਸੁਣਵਾਈ ਕਰਦਿਆਂ ਆਪਣੇ ਨਿਰਣੇ ’ਚ ਕਿਹਾ ਹੈ ਕਿ 21 ਸਾਲ ਤੋਂ ਘੱਟ ਉਮਰ ਦੇ ਅਮਰੀਕਨਾਂ ਨੂੰ ਹੈਂਡਗੰਨ ਦੀ ਵਿਕਰੀ ਕਰਨ ਉਪਰ ਰੋਕ ਲਾਉਣਾ ਗੈਰ ਸੰਵਿਧਾਨਕ ਹੈ। ਅਦਾਲਤ ਨੇ ਕਿਹਾ ਹੈ ਕਿ ਅਜਿਹਾ ਕਰਨਾ ਸੰਵਿਧਾਨ ਦੀ ਦੂਸਰੀ ਸੋਧ ਦੀ ਉਲੰਘਣਾ ਹੋਵੇਗਾ। ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਨਾਮਜਦ ਜੱਜ ਜੁਲੀਅਸ ਰਿਚਰਡਸਨ ਨੇ ਆਪਣੇ ਫੈਸਲੇ ਵਿਚ ਲਿਖਿਆ ਹੈ, ਜਦੋਂ ਅਸੀਂ ਸੰਵਿਧਾਨਕ ਹੱਕਾਂ ਦੀ ਗੱਲ ਕਰਦੇ ਹਾਂ, ਤਾਂ 18 ਜਾਂ 21 ਦੀ ਹੀ ਗੱਲ ਕਿਉਂ ਕਰਦੇ ਹਾਂ 13 ਜਾਂ 33 ਸਾਲ ਦੀ ਗੱਲ ਕਿਉਂ ਨਹੀਂ ਕਰਦੇ? ਜੱਜ ਨੇ ਕਿਹਾ ਹੈ, ਇਕ ਖਾਸ ਉਮਰ ਵਰਗ ਤੱਕ ਸੰਵਿਧਾਨਕ ਹੱਕਾਂ ਦਾ ਅਨੰਦ ਕਿਉਂ ਨਹੀਂ ਲਿਆ ਜਾ ਸਕਦਾ, ਇਸ ਸਬੰਧੀ ਕਾਰਨ ਜ਼ਰੂਰ ਸਪੱਸ਼ਟ ਹੋਣਾ ਚਾਹੀਦਾ ਹੈ। ਅਦਾਲਤ ਦਾ ਇਹ ਫੈਸਲਾ ਉਨ੍ਹਾਂ ਲੋਕਾਂ ਲਈ ਖੁਸ਼ ਹੋਣ ਦਾ ਮੌਕਾ ਹੈ, ਜੋ ਹਥਿਆਰਾਂ ਦੇ ਹੱਕਾਂ ਦੇ ਅਲੰਬਰਦਾਰ ਹਨ, ਹਾਲਾਂਕਿ ਇਸ ਫੈਸਲੇ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਜਾ ਸਕਦੀ ਹੈ। ਸੁਪਰੀਮ ਕੋਰਟ ਨੇ ਵਾਸ਼ਿੰਗਟਨ ਤੇ ਸ਼ਿਕਾਗੋ ’ਚ ਕ੍ਰਮਵਾਰ 2008 ਤੇ 2010 ’ਚ ਦੋ ਵੱਖ-ਵੱਖ ਮਾਮਲਿਆਂ ਦਾ ਨਿਪਟਾਰਾ ਕਰਦਿਆਂ ਹੈਂਡਗਨ ਦੀ ਵਿਕਰੀ ਉਪਰ ਰੋਕ ਨੂੰ ਰੱਦ ਕਰ ਦਿੱਤਾ ਸੀ। ਇਨ੍ਹਾਂ ਫੈਸਲਿਆਂ ਨੇ ਅਮਰੀਕਨਾਂ ਦੇ ਹੈਂਡਗਨ ਖਰੀਦਣ ਸਬੰਧੀ ਹੱਕਾਂ ਦੀ ਪੁਸ਼ਟੀ ਕਰ ਦਿੱਤੀ ਸੀ, ਜਿਸ ਤਹਿਤ ਉਹ ਆਪਣੇ ਘਰ ’ਚ ਗੰਨ ਰੱਖ ਸਕਦੇ ਹਨ ਪਰੰਤੂ ਇਸ ਨੂੰ ਜਨਤਕ ਤੌਰ ’ਤੇ ਆਪਣੇ ਨਾਲ ਲਿਜਾਣ ਦਾ ਉੱਤਰ ਅੱਜ ਤੱਕ ਨਹੀਂ ਮਿਲਿਆ। 1968 ’ਚ ਰਾਸ਼ਟਰਪਤੀ ਲਿਨਡਨ ਜੌਹਨਸਨ ਨੇ ਗੰਨ ਕੰਟਰੋਲ ਕਾਨੂੰਨ ਉਪਰ ਦਸਤਖਤ ਕੀਤੇ ਸਨ, ਜਿਸ ਤਹਿਤ 21 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਹੈਂਡਗਨ ਦੀ ਵਿਕਰੀ ਉਪਰ ਰੋਕ ਲਾਈ ਗਈ ਸੀ ਪਰੰਤੂ ਸ਼ਾਟਗੰਨ ਤੇ ਰਾਈਫਲਾਂ ਦੀ ਵਿਕਰੀ ਦੀ ਖੁੱਲ੍ਹ ਦਿੱਤੀ ਗਈ ਸੀ। ਇਥੇ ਜ਼ਿਕਰਯੋਗ ਹੈ ਕਿ 2020 ’ਚ ਕਾਨੂੰਨੀ ਤੌਰ ’ਤੇ 4 ਕਰੋੜ ਬੰਦੂਕਾਂ ਦੀ ਵਿਕਰੀ ਹੋਈ ਹੈ। ਅਮਰੀਕਾ ’ਚ ਨੌਜਵਾਨਾਂ ਵਿਚ ਵਧ ਰਹੀ ਹਿੰਸਾ ਦੀ ਪ੍ਰਵਿਰਤੀ ਕਾਰਨ 21 ਸਾਲ ਤੋਂ ਘੱਟ ਉਮਰ ਦੇ ਅਮਰੀਕਨਾਂ ਨੂੰ ਹਥਿਆਰ ਨਾ ਵੇਚਣ ਦੀ ਮੰਗ ਉਠ ਰਹੀ ਹੈ ਪਰੰਤੂ ਜਦੋਂ ਤੱਕ ਸੰਵਿਧਾਨਕ ਸੋਧ ਦੁਆਰਾ ਅਜਿਹਾ ਨਹੀਂ ਕੀਤਾ ਜਾਂਦਾ, ਓਨੀ ਦੇਰ ਤੱਕ ਵਿਕਰੀ ਨੂੰ ਰੋਕਿਆ ਜਾਣਾ ਸੰਭਵ ਨਹੀਂ ਹੈ।

Share