2026 ’ਚ ਹੋਣ ਵਾਲੇ ਫੀਫਾ ਵਰਲਡ ਕੱਪ ਦੀ ਵੈਨਕੂਵਰ ਤੇ ਟੋਰਾਂਟੋ ਕਰਨਗੇ ਮੇਜ਼ਬਾਨੀ

10
Share

ਟੋਰਾਂਟੋ, 23 ਜੂਨ (ਪੰਜਾਬ ਮੇਲ)- 2026 ਵਿਚ ਹੋਣ ਜਾ ਰਹੇ ਫੀਫਾ ਵਰਲਡ ਕੱਪ ਦੀ ਮੇਜ਼ਬਾਨੀ ਵੈਨਕੂਵਰ ਤੇ ਟੋਰਾਂਟੋ ਕਰਨਗੇ। ਇਸ ਦੌਰਾਨ ਕੈਨੇਡਾ, ਅਮਰੀਕਾ ਤੇ ਮੈਕਸਿਕੋ ਭਰ ਵਿਚ ਮੈਚ ਕਰਵਾਏ ਜਾਣਗੇ। ਕੈਨੇਡਾ ਦੇ ਤਿੰਨ ਸ਼ਹਿਰਾਂ ਨੂੰ ਅਗਲਾ ਵਰਲਡ ਕੱਪ ਕਰਵਾਉਣ ਲਈ ਚੁਣਿਆ ਗਿਆ ਹੈ। ਵੈਨਕੂਵਰ ਵਿਚ ਮੈਚ ਬੀ.ਸੀ. ਪਲੇਸ ਵਿਚ ਕਰਵਾਏ ਜਾਣਗੇ, ਜਿੱਥੇ 2015 ਵਿਚ ਮਹਿਲਾਵਾਂ ਦੇ ਕਈ ਫੀਫਾ ਵਰਲਡ ਕੱਪ ਮੈਚ ਕਰਵਾਏ ਗਏ ਸਨ। ਇਸ ਵਿਚ 54,000 ਦਰਸ਼ਕਾਂ ਨੂੰ ਸਾਂਭਣ ਦੀ ਸਮਰੱਥਾ ਦੇ ਨਾਲ-ਨਾਲ ਆਰਟੀਫਿਸ਼ਲ ਸਰਫੇਸ ਵੀ ਹੈ।
ਵੈਨਕੂਵਰ ਦੇ ਮੇਅਰ ਕੈਨੇਡੀ ਸਟੀਵਰਟ ਨੇ ਇਸ ਐਲਾਨ ਤੋਂ ਬਾਅਦ ਆਖਿਆ ਕਿ ਫੈਨਜ਼ ਤੇ ਖਿਡਾਰੀਆਂ ਦੀ ਆਪਣੀ ਸਿਟੀ ਵਿਚ ਸਵਾਗਤ ਕਰਨ ਦੀ ਉਨ੍ਹਾਂ ਤੋਂ ਹੋਰ ਉਡੀਕ ਨਹੀਂ ਹੁੰਦੀ।
ਟੋਰਾਂਟੋ ਵੱਲੋਂ ਬੀ.ਐੱਮ.ਓ. ਫੀਲਡ ਵਿਚ ਇਨ੍ਹਾਂ ਮੈਚਾਂ ਦੀ ਮੇਜ਼ਬਾਨੀ ਕੀਤੀ ਜਾਵੇਗੀ। ਇਥੇ ਹੀ ਟੋਰਾਂਟੋ ਆਰਗੋ ਨੌਟਸ ਤੇ ਟੋਰਾਂਟੋ ਐੱਫ.ਸੀ. ਗੇਮਜ਼ ਦੀ ਮੇਜ਼ਬਾਨੀ ਕੀਤੀ ਗਈ ਸੀ। ਇਥੇ 28,000 ਦਰਸ਼ਕ ਇੱਕੋ ਵੇਲੇ ਸਮਾ ਸਕਦੇ ਹਨ ਪਰ ਅਧਿਕਾਰੀਆਂ ਨੂੰ ਆਸ ਹੈ ਕਿ ਟੈਂਪਰੇਰੀ ਸੀਟਾਂ ਲਾ ਕੇ ਇਸ ਸਟੇਡੀਅਮ ਦੀ ਸਮਰੱਥਾ 45,000 ਤੱਕ ਵਧਾਈ ਜਾ ਸਕਦੀ ਹੈ। ਫੀਫਾ ਦੇ ਮੈਚ ਕਰਵਾਉਣ ਲਈ ਘੱਟ ਤੋਂ ਘੱਟ ਐਨੀਆਂ ਸੀਟਾਂ ਦੀ ਸ਼ਰਤ ਹੈ।
ਫੀਫਾ ਵੱਲੋਂ ਕੀਤੇ ਗਏ ਇਸ ਐਲਾਨ ਦੌਰਾਨ ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਆਖਿਆ ਕਿ ਵਰਲਡ ਕੱਪ ਦਾ ਟੋਰਾਂਟੋ ਵਿਚ ਉਹ ਪੂਰਾ ਸਵਾਗਤ ਕਰਦੇ ਹਨ। ਇਨ੍ਹਾਂ ਤੋਂ ਇਲਾਵਾ ਐਡਮੰਟਨ ਦੇ ਕਾਮਨਵੈਲਥ ਸਟੇਡੀਅਮ ਨੂੰ ਵੀ ਫੀਫਾ ਦੇ ਮੈਚ ਕਰਵਾਉਣ ਲਈ ਫਾਈਨਲ ਕੀਤਾ ਗਿਆ ਹੈ ਪਰ ਅਜੇ ਚੁਣਿਆ ਨਹੀਂ ਗਿਆ।

Share