2024 ‘ਚ ਦੁਬਾਰਾ ਲੜਾਂਗਾ ਰਾਸ਼ਟਰਪਤੀ ਚੋਣਾਂ : ਬਾਈਡੇਨ

289
Share

ਵਾਸ਼ਿੰਗਟਨ, 26 ਮਾਰਚ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਉਹਨਾਂ ਦੀ ਯੋਜਨਾ 2024 ਵਿਚ ਮੁੜ ਚੋਣਾਂ ਲੜਨ ਦੀ ਹੈ। ਬਾਈਡੇਨ ਨੇ ਕਮਲਾ ਹੈਰਿਸ ਨੂੰ ‘ਬਿਹਤਰੀਨ ਹਿੱਸੇਦਾਰ’ ਦੱਸਦੇ ਹੋਏ ਕਿਹਾ ਕਿ ਉਹ ਵੀ ਦੂਜੀ ਵਾਰ ਉਪ ਰਾਸ਼ਟਰਪਤੀ ਅਹੁਦੇ ਲਈ ਚੋਣ ਲੜ ਸਕਦੀ ਹੈ। ਬਾਈਡੇਨ ਦੇ ਇਸ ਦਾਅਵੇ ਦੇ ਬਾਅਦ ਉਹਨਾਂ ਦੀ ਇਕ ਵਾਰ ਫਿਰ ਆਪਣੇ ਪੂਰਵਗਾਮੀ ਡੋਨਾਲਡ ਟਰੰਪ ਨਾਲ ਚੋਣ ਮੈਦਾਨ ਵਿਚ ਟੱਕਰ ਹੋਣ ਦੀ ਸੰਭਾਵਨਾ ਹੈ ਕਿਉਂਕਿ ਟਰੰਪ ਨੇ ਹਾਲੇ ਤੱਕ 2024 ਰਾਸ਼ਟਰਪਤੀ ਚੋਣ ਲੜਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ।

ਵ੍ਹਾਈਟ ਹਾਊਸ ਦੇ ਈਸਟ ਰੂਮ ਵਿਚ ਬਾਈਡੇਨ ਨੇ ਪੱਤਰਕਾਰਾਂ ਨੂੰ ਕਿਹਾ,”ਮੇਰੀ ਯੋਜਨਾ ਦੁਬਾਰਾ ਰਾਸ਼ਟਰਪਤੀ ਚੋਣਾਂ ਲੜਨ ਦੀ ਹੈ। ਮੈਂ ਇਸ ਦੀ ਹੀ ਆਸ ਕਰ ਰਿਹਾ ਹਾਂ।” ਰਾਸ਼ਟਰਪਤੀ ਅਹੁਦੇ ਦਾ ਕੰਮ ਸੰਭਾਲਣ ਦੇ ਬਾਅਦ ਬਾਈਡੇਨ ਪਹਿਲੀ ਵਾਰ ਇਕੱਲੇ ਪੱਤਰਕਾਰ ਸੰਮੇਲਨ ਵਿਚ ਆਏ ਸਨ। ਇਸ ਵਿਚ ਵਿਭਿੰਨ ਮੀਡੀਆ ਹਾਊਸ ਦੇ 30 ਪੱਤਰਕਾਰ ਸ਼ਾਮਲ ਹੋਏ ਸਨ ਅਤੇ ਦੋ ਵਿਦੇਸ਼ੀ ਮੀਡੀਆ ਹਾਊਸ ਦੇ ਪੱਤਰਕਾਰ ਵੀ ਮੌਜੂਦ ਸਨ। ਗੌਰਤਲਬ ਹੈ ਕਿ 78 ਸਾਲਾ ਬਾਈਡੇਨ ਫਿਲਹਾਲ ਅਮਰੀਕਾ ਦੇ ਸਭ ਤੋਂ ਵੱਡੀ ਉਮਰ ਦੇ ਰਾਸ਼ਟਰਪਤੀ ਹਨ ਅਤੇ 2024 ਵਿਚ ਉਹ 82 ਸਾਲ ਦੇ ਹੋਣਗੇ।

ਇਸ ਮਗਰੋਂ ਉਹਨਾਂ ਨੇ ਇਕ ਹੋਰ ਸਵਾਲ ਦੇ ਜਵਾਬ ਵਿਚ ਸਪੱਸ਼ਟ ਕਿਹਾ,”ਮੈਨੂੰ ਕਿਸਮਤ ‘ਤੇ ਵਿਸ਼ਵਾਸ ਹੈ। ਮੈਂ ਕਦੇ ਸਾਢੇ ਚਾਰ ਸਾਲ ਦੀ ਯੋਜਨਾ ਨਹੀਂ ਬਣਾ ਪਾਇਆ, ਹਾਲੇ ਸਾਢੇ ਤਿੰਨ ਸਾਲ ਹੋਰ ਬਾਕੀ ਹਨ।” ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਬਾਰੇ ਵਿਚ ਪੁੱਛੇ ਜਾਣ ‘ਤੇ ਬਾਈਡੇਨ ਨੇ ਕਿਹਾ,”ਮੈਂ ਪੂਰੀ ਆਸ ਕਰ ਰਿਹਾ ਹਾਂ ਕਿ ਜੇਕਰ ਅਜਿਹੀ ਸਥਿਤੀ ਪੈਦਾ ਹੋਈ ਤਾਂ ਉਹ ਵੀ ਮੇਰੇ ਨਾਲ ਹੋਵੇਗੀ। ਉਹ ਬਿਹਤਰੀਨ ਕੰਮ ਕਰ ਰਹੀ ਹੈ। ਉਹ ਇਕ ਬਿਹਤਰੀਨ ਹਿੱਸੇਦਾਰ ਹੈ।”


Share