2022 ਦੀਆਂ ਚੋਣਾਂ ਕੈਪਟਨ ਦੀ ਅਗਵਾਈ ’ਚ ਲੜਨ ਦੀ ਖ਼ਬਰ ਨਾਲ ਪੰਜਾਬ ਕਾਂਗਰਸ ’ਚ ਖੜਕਾ-ਦੜਕਾ ਸ਼ੁਰੂ!

431
Share

ਲੁਧਿਆਣਾ, 28 ਫਰਵਰੀ (ਪੰਜਾਬ ਮੇਲ)- 2022 ਦੀਆਂ ਚੋਣਾਂ ਤੋਂ ਬਾਅਦ ਫਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਬਣਨ ਦੀ ਉੱਠੀ ਖ਼ਬਰ ਨਾਲ ਕਾਂਗਰਸ ਵਿਚ ਵੀ ਖੜਕਾ-ਦੜਕਾ ਸ਼ੁਰੂ ਹੋ ਗਿਆ ਹੈ। ਗੱਲ ਕੀ, ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਦੇ ਕਾਂਗਰਸ ਇੰਚਾਰਜ ਰਾਵਤ ਨੇ ਪਿਛਲੇ ਦਿਨੀਂ ਇਹ ਬਿਆਨ ਦਿੱਤਾ ਸੀ ਕਿ 2022 ਦੀਆਂ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਲੜੀਆਂ ਜਾਣਗੀਆਂ ਅਤੇ ਕਾਂਗਰਸ ਦੇ ਉਹ ਕਪਤਾਨ ਹੋਣਗੇ। ਇਹ ਖ਼ਬਰ ਕੈਪਟਨ ਵਿਰੋਧੀ ਖੇਮੇ ’ਤੇ ਅਸਮਾਨੀ ਬਿਜਲੀ ਬਣ ਕੇ ਇੰਝ ਡਿੱਗੀ ਕਿ ਸਾਬਕਾ ਕਾਂਗਰਸ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋਂ, ਮੌਜੂਦਾ ਵਿਧਾਇਕ ਪ੍ਰਗਟ ਸਿੰਘ ਅਤੇ ਬਾਜਵਾ ਨੇ ਦੱਬੀ ਜ਼ੁਬਾਨ ਨਾਲ ਇਸ ਸਬੰਧੀ ਆਪਣਾ ਪੱਖ ਰੱਖ ਕੇ ਜਾਖੜ ਨੂੰ ਘੇਰਨ ਵਰਗੀ ਕਾਰਵਾਈ ਕਰ ਦਿੱਤੀ, ਜਿਸ ਨੂੰ ਕਾਂਗਰਸ ਦੇ ਸੂਬਾ ਪ੍ਰਧਾਨ ਜਾਖੜ ਨੇ ਵੱਡਾ ਖੜਕਾ-ਦੜਕਾ ਹੋਣ ਵਾਲੀ ਕਾਰਵਾਈ ਸਮਝ ਕੇ ਦਿਨ ਚੜ੍ਹਦਿਆਂ ਹੀ ਆਪਣਾ ਸਪੱਸ਼ਟੀਕਰਨ ਦੇ ਦਿੱਤਾ। ਭਾਵੇਂ ਅਜੇ ਮਾਮਲਾ ਕਾਂਗਰਸ ’ਚ ਧੂਣੀ ਵਾਂਗ ਧੁਖ ਰਿਹਾ ਹੈ ਪਰ ਰਾਜਸੀ ਮਾਹਰਾਂ ਨੇ ਕਿਹਾ ਕਿ ਜਿਉਂ-ਜਿਉਂ ਚੋਣਾਂ ਦਾ ਸਮਾਂ ਨੇੜੇ ਆਉਂਦਾ ਜਾਵੇਗਾ, ਤਾਂ ਇਹ ਧੂਣੀ ਭਾਂਬੜ ਬਣ ਸਕਦੀ ਹੈ।
ਮਾਹਰਾਂ ਨੇ ਇਸ ਤੋਂ ਇਲਾਵਾ ਇਕ ਹੋਰ ਵੱਡੀ ਗੱਲ ਆਖੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੀ ਚਾਹੁੰਦਾ ਹੈ ਕਿ ਕਾਂਗਰਸ ਕੈਪਟਨ ਦੀ ਅਗਵਾਈ ਵਿਚ ਚੋਣਾਂ ਲੜੇ ਕਿਉਂਕਿ ਉਸ ਨੇ ਜੋ ਵਾਅਦੇ ਕੀਤੇ ਹਨ, ਅਸੀਂ ਉਹ ਲੋਕਾਂ ਦੀ ਕਚਹਿਰੀ ਵਿਚ ਰੱਖ ਕੇ ਆਪਣਾ ਪੱਖ ਰੱਖ ਸਕੀਏ। ਜੇਕਰ ਕਾਂਗਰਸ ਨੇ ਚੋਣ ਮੈਦਾਨ ਵਿਚ ਆਪਣੇ ਨਵੇਂ ਪ੍ਰਧਾਨ ਜਾਂ ਕਿਸੇ ਹੋਰ ਦੇ ਹੱਥ ਡੋਰ ਫੜਾ ਦਿੱਤੀ, ਤਾਂ ਉਹ ਆਪਣੀ ਗੱਲ ਕਰ ਕੇ ਲੋਕਾਂ ਨਾਲ ਵਾਅਦੇ ਕਰੇਗਾ, ਜਿਸ ਨਾਲ ਅਕਾਲੀ ਦਲ ਨੂੰ ਨੁਕਸਾਨ ਹੋ ਸਕਦਾ ਹੈ। ਇਸ ਲਈ ਹੁਣ ਦੇਖਦੇ ਹਾਂ ਕਿ ਕਾਂਗਰਸ ਵਿਚ ਅਜੇ ਅੰਦਰ ਖਾਤੇ ਸ਼ੁਰੂ ਹੋਇਆ ਖੜਕਾ-ਦੜਕਾ ਬਾਹਰ ਨਿਕਲਦਾ ਹੈ ਜਾਂ ਖਾਮੋਸ਼ ਹੀ ਰਹਿੰਦਾ ਹੈ।

Share