2021 ਦੌਰਾਨ ਬਾਇਡਨ ਜੋੜੇ ਨੇ ਕਮਾਏ 6,10,702 ਡਾਲਰ!

136
Share

-ਟੈਕਸ ਵਜੋਂ 24.6 ਫ਼ੀਸਦੀ ਹਿੱਸੇ ਦਾ ਕੀਤਾ ਭੁਗਤਾਨ
ਵਾਸ਼ਿੰਗਟਨ, 18 ਅਪ੍ਰੈਲ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਨ੍ਹਾਂ ਦੀ ਪਤਨੀ ਜਿਲ ਨੇ 2021 ਦੌਰਾਨ 6,10,702 ਡਾਲਰ ਦੀ ਕਮਾਈ ਕੀਤੀ ਅਤੇ ਸੰਘੀ ਆਮਦਨ ਟੈਕਸ ਦੇ ਤੌਰ ’ਤੇ ਆਪਣੀ ਕਮਾਈ ਦਾ 24.6 ਫ਼ੀਸਦੀ ਹਿੱਸਾ (1,50,439 ਡਾਲਰ) ਦਾ ਭੁਗਤਾਨ ਕੀਤਾ। ਉੱਥੇ ਹੀ, ਅਮਰੀਕੀ ਨਾਗਰਿਕ ਆਪਣੀ ਕਮਾਈ ਦਾ ਔਸਤਨ ਕਰੀਬ 14 ਫ਼ੀਸਦੀ ਹਿੱਸਾ ਸੰਘੀ ਆਮਦਨ ਟੈਕਸ ਦੇ ਰੂਪ ’ਚ ਭੁਗਤਾਨ ਕਰਦਾ ਹੈ। ਪਤੀ-ਪਤਨੀ ਨੇ 2020 ’ਚ ਵੀ ਲਗਭਗ ਇੰਨੇ ਹੀ ਡਾਲਰ ਦੀ ਕਮਾਈ ਕੀਤੀ ਸੀ।
ਉਸ ਸਾਲ ਉਨ੍ਹਾਂ ਨੇ 6,07,336 ਡਾਲਰ ਕਮਾਏ ਸਨ ਅਤੇ ਸੰਘੀ ਆਮਦਨ ਟੈਕਸ ਦੇ ਤੌਰ ’ਤੇ ਇਸ ਦਾ 25.9 ਫ਼ੀਸਦੀ ਹਿੱਸਾ ਭੁਗਤਾਨ ਕੀਤਾ ਸੀ। ਅਮਰੀਕਾ ਦੀ ਜਨਗਣਨਾ ਦੇ ਅੰਕੜਿਆਂ ਅਨੁਸਾਰ 2020 ’ਚ ਮੱਧ ਵਰਗੀ ਪਰਿਵਾਰ ਦੀ ਆਮਦਨੀ 67,521 ਡਾਲਰ ਸੀ। ਬਾਇਡਨ ਨੇ ਲਗਾਤਾਰ ਦੂਜੇ ਸਾਲ ਵ੍ਹਾਈਟ ਹਾਊਸ ਵੱਲੋਂ ਕੀਤੇ ਗਏ ਟੈਕਸ ਦੇ ਭੁਗਤਾਨ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।
ਅਜਿਹਾ ਕਰਕੇ ਉਨ੍ਹਾਂ ਨੇ ਰਾਸ਼ਟਰਪਤੀ ਵੱਲੋਂ ਟੈਕਸ ਦੇ ਸੰਬੰਧ ’ਚ ਜਾਣਕਾਰੀ ਦੇਣ ਦੀ ਰਿਵਾਇਤ ਨੂੰ ਮੁੜ-ਸਥਾਪਿਤ ਕੀਤਾ ਹੈ ਕਿਉਂਕਿ ਬਾਇਡਨ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਰਹੇ ਡੋਨਾਲਡ ਟਰੰਪ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ, 2019 ਦੇ ਮੁਕਾਬਲੇ ਇਸ ਸਾਲ ਅਤੇ ਪਿਛਲੇ ਸਾਲ ਬਾਇਡਨ ਜੋੜੇ ਦੀ ਕਮਾਈ ’ਚ ਭਾਰੀ ਗਿਰਾਵਟ ਆਈ ਹੈ। 2019 ’ਚ ਉਨ੍ਹਾਂ ਨੇ ਆਪਣੀਆਂ ਕਿਤਾਬਾਂ ਦੀ ਵਿਕਰੀ, ਭਾਸ਼ਣਾਂ ਅਤੇ ਪੜ੍ਹਾਉਣ ਨਾਲ ਲਗਭਗ 10 ਲੱਖ ਡਾਲਰ ਦੀ ਕਮਾਈ ਕੀਤੀ ਸੀ।

Share