2021 ’ਚ ਭਾਰਤ ’ਚ ਸਿੱਧਾ ਵਿਦੇਸ਼ੀ ਨਿਵੇਸ਼ 26 ਫੀਸਦੀ ਘਟਿਆ: ਰਿਪੋਰਟ ’ਚ ਦਾਅਵਾ

519
Share

ਸੰਯੁਕਤ ਰਾਸ਼ਟਰ, 24 ਜਨਵਰੀ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਦੀ ਕਾਰੋਬਾਰ ਬਾਰੇ ਸੰਸਥਾ ਨੇ ਆਪਣੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਹੈ ਕਿ 2021 ਵਿੱਚ ਭਾਰਤ ’ਚ ਸਿੱਧਾ ਵਿਦੇਸ਼ੀ ਨਿਵੇਸ਼ (ਐੱਫ.ਡੀ.ਆਈ.) 26 ਫੀਸਦ ਘੱਟ ਰਿਹਾ ਹੈ ਕਿਉਂਕਿ 2020 ਵਿਚ ਜਿਹੜੇ ਵੱਡੇ ਰਲੇਵੇਂ ਤੇ ਅਧਿਗ੍ਰਹਿਣ (ਐੱਮ ਐਂਡ ਏ) ਕਰਾਰ ਹੋਏ ਸਨ, ਉਹ 2021 ਵਿਚ ਨਹੀਂ ਹੋਏ। ਸੰਯੁਕਤ ਰਾਸ਼ਟਰ ਵਪਾਰ ਤੇ ਵਿਕਾਸ ਕਾਨਫਰੰਸ (ਯੂ.ਐੱਨ.ਸੀ.ਟੀ.ਏ.ਡੀ.) ਦੇ ਨਿਵੇਸ਼ ਰੁਝਾਨ ਨਿਗਰਾਨ ਨੇ ਕਿਹਾ ਕਿ 2021 ਵਿਚ ਆਲਮੀ ਸਿੱਧਾ ਵਿਦੇਸ਼ੀ ਨਿਵੇਸ਼ 77 ਫੀਸਦ ਵੱਧ ਕੇ ਕੋਵਿਡ-19 ਤੋਂ ਪਹਿਲਾਂ ਦੇ ਪੱਧਰ ਤੋਂ ਵੀ ਵੱਧ ਅਨੁਮਾਨਿਤ 1650 ਅਰਬ ਡਾਲਰ ਤੱਕ ਪਹੁੰਚ ਗਿਆ ਹੈ, ਜੋ 2020 ਵਿਚ 929 ਅਰਬ ਡਾਲਰ ਸੀ। ਯੂ.ਐੱਨ.ਸੀ.ਟੀ.ਏ.ਡੀ. ਦੇ ਸਕੱਤਰ ਜਨਰਲ ਰੈਬੇਕਾ ਗਿ੍ਰਨਸਪਨ ਨੇ ਕਿਹਾ, ‘‘ਵਿਕਾਸਸ਼ੀਲ ਮੁਲਕਾਂ ਵਿਚ ਨਿਵੇਸ਼ ਦਾ ਵਹਾਅ ਉਤਸ਼ਾਹੀ ਹੈ, ਪਰ ਘੱਟ ਵਿਕਸਤ ਮੁਲਕਾਂ ਵਿਚ ਉਦਯੋਗਾਂ ਵਿਚ ਨਵੇਂ ਨਿਵੇਸ਼ ’ਚ ਠਹਿਰਾਅ ਫ਼ਿਕਰਮੰਦੀ ਦਾ ਮੁੱਖ ਵਿਸ਼ਾ ਹੈ।’’ ਰਿਪੋਰਟ ਵਿਚ ਕਿਹਾ ਗਿਆ ਕਿ ਵਿਕਸਤ ਅਰਥਚਾਰਿਆਂ ਵਿਚ ਐੱਫ.ਡੀ.ਆਈ. ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਉਛਾਲ ਆਇਆ ਹੈ ਅਤੇ ਇਥੇ ਐੱਫ.ਡੀ.ਆਈ. 2021 ਵਿਚ ਅਨੁਮਾਨਤ 777 ਅਰਬ ਡਾਲਰ ਨੂੰ ਪੁੱਜ ਗਿਆ, ਜੋ 2020 ਦੇ ਮੁਕਾਬਲੇ ਤਿੰਨ ਗੁਣਾ ਹੈ। ਵਿਕਾਸਸ਼ੀਲ ਅਰਥਚਾਰਿਆਂ ਵਿਚ ਐੱਫ.ਡੀ.ਆਈ. ਵਹਾਅ 30 ਫੀਸਦ ਵਾਧੇ ਨਾਲ ਕਰੀਬ 870 ਅਰਬ ਡਾਲਰ ਹੋ ਗਿਆ, ਜਦੋਂਕਿ ਦੱਖਣੀ ਏਸ਼ੀਆ ’ਚ ਇਹ 24 ਫੀਸਦੀ ਡਿੱਗ ਕੇ 2021 ਵਿਚ 54 ਅਰਬ ਡਾਲਰ ਰਿਹਾ। ਅਮਰੀਕਾ ਵਿਚ ਐੱਫ.ਡੀ.ਆਈ. 114 ਫੀਸਦੀ ਵਾਧੇ ਨਾਲ 323 ਅਰਬ ਡਾਲਰ ਨੂੰ ਪੁੱਜ ਗਿਆ। ਰਿਪੋਰਟ ਵਿਚ ਕਿਹਾ ਗਿਆ, ‘‘ਭਾਰਤ ਵਿਚ ਐੱਫ.ਡੀ.ਆਈ. ਵਹਾਅ 26 ਫੀਸਦੀ ਘੱਟ ਰਿਹਾ ਕਿਉਂਕਿ 2020 ਵਿਚ ਜਿਹੜੇ ਐੱਮ ਐਂਡ ਏ ਕਰਾਰ ਹੋਏ, ਉਹ 2021 ਵਿਚ ਨਹੀਂ ਹੋਏ।’’ ਰਿਪੋਰਟ ਵਿਚ ਕਿਹਾ ਗਿਆ ਕਿ ਕੋਵਿਡ-19 ਦੀ ਦੂਜੀ ਲਹਿਰ ਦਾ ਭਾਰਤ ਦੀ ਆਰਥਿਕ ਸਰਗਰਮੀਆਂ ’ਤੇ ਬਹੁਤ ਅਸਰ ਰਿਹਾ ਤੇ ਅਪਰੈਲ 2021 ਵਿਚ ਦੂਜੀ ਲਹਿਰ ਕਰਕੇ ਭਾਰਤ ਵਿਚ ਗ੍ਰੀਨਫੀਲਡ ਪ੍ਰਾਜੈਕਟ 19 ਫੀਸਦ ਸੁੰਘੜਨ ਦੇ ਨਾਲ ਐੱਫ.ਡੀ.ਆਈ. ਵਹਾਅ 24 ਅਰਬ ਡਾਲਰ ਹੋ ਗਿਆ।

Share