2019 ’ਚ ਵਿਸ਼ਵ ਭਰ ’ਚ ਵੱਡੀ ਮਾਤਰਾ ’ਚ ਹੋਇਆ ਭੋਜਨ ਬਰਬਾਦ : ਸੰਯੁਕਤ ਰਾਸ਼ਟਰ ਦੀ ਰਿਪੋਰਟ

445
Share

-ਪੂਰੇ ਵਿਸ਼ਵ ’ਚ ਬਰਬਾਦ ਹੋਇਆ 93 ਕਰੋੜ 10 ਲੱਖ ਟਨ ਭੋਜਨ
ਸੰਯੁਕਤ ਰਾਸ਼ਟਰ, 5 ਮਾਰਚ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਸਾਲ 2019 ਵਿਚ ਇਕ ਅਨੁਮਾਨ ਮੁਤਾਬਕ ਦੁਨੀਆਂ ਭਰ ’ਚ 93 ਕਰੋੜ 10 ਲੱਖ ਟਨ ਭੋਜਨ ਬਰਬਾਦ ਹੋਇਆ ਅਤੇ ਇਸ ਵਿਚ ਭਾਰਤ ਵਿਚ ਘਰਾਂ ਵਿਚ ਬਰਬਾਦ ਹੋਏ ਭੋਜਨ ਦੀ ਮਾਤਰਾ 6 ਕਰੋੜ 87 ਲੱਖ ਟਨ ਹੈ। ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ (ਯੂ.ਐੱਨ.ਈ.ਪੀ.) ਅਤੇ ਹਿੱਸੇਦਾਰ ਸੰਗਠਨ ਡਬਲਊ.ਆਰ.ਏ.ਪੀ. ਵੱਲੋਂ ਜਾਰੀ ਭੋਜਨ ਬਰਬਾਦੀ ਇੰਡੈਕਸ ਰਿਪੋਰਟ 2021 ਵਿਚ ਕਿਹਾ ਗਿਆ ਹੈ ਕਿ 2019 ’ਚ 93 ਕਰੋੜ 10 ਲੱਖ ਟਨ ਭੋਜਨ ਬਰਬਾਦ ਹੋਇਆ, ਜਿਸ ਵਿਚੋਂ 61 ਫੀਸਦੀ ਭੋਜਨ ਘਰਾਂ ਤੋਂ, 26 ਫੀਸਦੀ ਖਾਧ ਸੇਵਾਵਾਂ ਅਤੇ 13 ਫੀਸਦੀ ਪ੍ਰਚੂਨ ਤੋਂ ਬਰਬਾਦ ਹੋਇਆ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਇਸ਼ਾਰਾ ਕਰਦਾ ਹੈ ਕਿ ਕੁੱਲ ਗਲੋਬਲ ਖਾਧ ਉਤਪਾਦਨ ਦਾ 17 ਫੀਸਦੀ ਹਿੱਸਾ ਬਰਬਾਦ ਹੋਇਆ ਹੋਵੇਗਾ।’’ ਏਜੰਸੀ ਨੇ ਕਿਹਾ ਕਿ ਇਸ ਦੀ ਮਾਤਰਾ 40 ਟਨ ਸਮਰੱਥਾ ਵਾਲੇ 2 ਕਰੋੜ 30 ਲੱਖ ਪੂਰੀ ਤਰ੍ਹਾਂ ਨਾਲ ਭਰੇ ਟਰੱਕਾਂ ਦੇ ਬਰਾਬਰ ਹੋਣ ਦਾ ਅਨੁਮਾਨ ਹੈ। ਭਾਰਤ ਵਿਚ ਘਰਾਂ ਵਿਚ ਬਰਬਾਦ ਹੋਣ ਵਾਲੇ ਖਾਧ ਪਦਾਰਥ ਦੀ ਮਾਤਰਾ ਹਰੇਕ ਸਾਲ ਪ੍ਰਤੀ ਵਿਅਕਤੀ 50 ਕਿਲੋਗ੍ਰਾਮ ਹੋਣ ਦਾ ਅਨੁਮਾਨ ਹੈ। ਇਸੇ ਤਰ੍ਹਾਂ ਅਮਰੀਕਾ ’ਚ ਘਰਾਂ ਵਿਚ ਬਰਬਾਦ ਹੋਣ ਵਾਲੇ ਖਾਧ ਪਦਾਰਥ ਦੀ ਮਾਤਰਾ ਪ੍ਰਤੀ ਸਾਲ ਹਰੇਕ ਵਿਅਕਤੀ 59 ਕਿਲੋਗ੍ਰਾਮ ਜਾਂ ਇਕ ਸਾਲ ’ਚ 19,359,951 ਟਨ ਹੈ।
ਚੀਨ ਵਿਚ ਇਹ ਮਾਤਰਾ ਪ੍ਰਤੀ ਸਾਲ ਪ੍ਰਤੀ ਵਿਅਕਤੀ 64 ਕਿਲੋਗ੍ਰਾਮ ਜਾਂ ਇਕ ਸਾਲ ’ਚ 91,646, 213 ਟਨ ਹੈ। ਯੂ.ਐੱਨ.ਈ.ਪੀ. ਦੀ ਕਾਰਜਕਾਰੀ ਨਿਰਦੇਸ਼ਕ ਇੰਗਰ ਐਂਡਰਸਨ ਨੇ ਕਿਹਾ, ‘‘ਜੇਕਰ ਅਸੀਂ ਜਲਵਾਯੂ ਤਬਦੀਲੀ, ਕੁਦਰਤ ਅਤੇ ਜੈਵ ਵਿਭਿੰਨਤਾ ਦੇ ਖੋਰਨ ਅਤੇ ਪ੍ਰਦੂਸ਼ਣ ਅਤੇ ਬਰਬਾਦੀ ਜਿਹੇ ਸੰਕਟਾਂ ਨਾਲ ਨਜਿੱਠਣ ਲਈ ਗੰਭੀਰ ਹੋਣਾ ਹੈ, ਤਾਂ ਕਾਰੋਬਾਰਾਂ, ਸਰਕਾਰਾਂ ਅਤੇ ਦੁਨੀਆਂ ਭਰ ’ਚ ਲੋਕਾਂ ਨੂੰ ਭੋਜਨ ਦੀ ਬਰਬਾਦੀ ਨੂੰ ਰੋਕਣ ਵਿਚ ਆਪਣੀ ਭੂਮਿਕਾ ਨਿਭਾਉਣੀ ਹੋਵੇਗੀ।

Share