ਨਵੀਂ ਦਿੱਲੀ, 20 ਮਾਰਚ (ਪੰਜਾਬ ਮੇਲ)- 1984 ਦੇ ਸਿੱਖ ਵਿਰੋਧੀ ਦੰਗਿਆਂ ਮਾਮਲੇ ’ਚ ਮੁੱਖ ਗਵਾਹ ਅਭਿਸ਼ੇਕ ਵਰਮਾ ਨੇ ਧਮਕੀਆਂ ਮਿਲਣ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਦੱਖਣੀ ਦਿੱਲੀ ਦੇ ਮੈਦਾਨਗੜ੍ਹੀ ਥਾਣੇ ਵਿਚ ਦਰਜ ਕੀਤੀ ਗਈ ਸੀ, ਜਿਸ ਵਿਚ ਕਿਹਾ ਗਿਆ ਹੈ ਕਿ ਉਸ ਨੂੰ ਗਵਾਹ ਵਜੋਂ ਪਿੱਛੇ ਹਟਣ ਲਈ ਈਮੇਲ ਉੱਤੇ ਧਮਕੀ ਮਿਲੀ ਹੈ। ਵਰਮਾ ਨੇ ਕਿਹਾ ਕਿ ਧਮਕੀ ਵਿਚ ਸਪੱਸ਼ਟ ਕਿਹਾ ਗਿਆ ਹੈ ਕਿ ਉਸ ਨੇ ਕਹੇ ਮੁਤਾਬਕ ਕੰਮ ਨਾ ਕੀਤਾ ਤਾਂ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਵਰਮਾ ਸੀ.ਬੀ.ਆਈ. ਬਨਾਮ ਜਗਦੀਸ਼ ਟਾਈਟਲਰ ਮਾਮਲੇ ’ਚ ਮੁੱਖ ਗਵਾਹ ਹੈ। ਵਰਮਾ ਨੂੰ ਭੇਜੀ ਈਮੇਲ ’ਚ ਕਿਹਾ ਗਿਆ ਹੈ ਕਿ ਉਸ ਨੂੰ ਭਾਵੇਂ ਸਖ਼ਤ ਸੁਰੱਖਿਆ ਦਿੱਤੀ ਜਾ ਸਕਦੀ ਹੈ ਪਰ ਉਸ ਨੂੰ ਅਦਾਲਤ ਨਹੀਂ ਪਹੁੰਚਣ ਦਿੱਤਾ ਜਾਵੇਗਾ। ਜੇ ਉਹ ਗਵਾਹ ਵਜੋਂ ਨਾਮ ਵਾਪਸ ਨਹੀਂ ਲੈਂਦਾ, ਤਾਂ ਉਸ ਦੀ ਕਾਰ ਅਤੇ ਘਰ ਆਰਡੀਐੱਕਸ ਵਿਸਫੋਟਕ ਨਾਲ ਉਡਾ ਦਿੱਤੇ ਜਾਣਗੇ। ਵਰਮਾ ਨੂੰ ਪਹਿਲਾਂ ਵੀ ਧਮਕੀਆਂ ਮਿਲੀਆਂ ਸਨ ਅਤੇ ਉਸ ਨੇ ਅਦਾਲਤ ਨੂੰ ਦੱਸਿਆ ਗਿਆ। ਕਿਹਾ ਜਾਂਦਾ ਹੈ ਕਿ ਵਰਮਾ ਤੋਂ ਮਿਲੀ ਸ਼ਿਕਾਇਤ ’ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।