1984 ਸਿੱਖ ਕਤਲੇਆਮ ਮਾਮਲੇ ‘ਚ ਗ੍ਰਹਿ ਮੰਤਰਾਲੇ ਨੇ ਭਾਜਪਾ ਆਗੂ ਦਾ ਪੱਤਰ ਐੱਸ.ਆਈ.ਟੀ. ਨੂੰ ਭੇਜਿਆ

582
Share

ਨਵੀਂ ਦਿੱਲੀ, 25 ਜੁਲਾਈ (ਪੰਜਾਬ ਮੇਲ)- 1984 ਦੇ ਸਿੱਖ ਕਤਲੇਆਮ ਨਾਲ ਜੁੜੇ ਮਾਮਲੇ ‘ਚ ਭਾਜਪਾ ਆਗੂ ਆਰ.ਪੀ. ਸਿੰਘ ਵੱਲੋਂ ਜਸਟਿਸ ਢੀਂਗਰਾ ਕਮੇਟੀ ਦੀ ਰਿਪੋਰਟ ‘ਤੇ ਕਾਰਵਾਈ ਕਰਨ ਲਈ ਲਿਖੀ ਚਿੱਠੀ ਨੂੰ ਗ੍ਰਹਿ ਮੰਤਰਾਲੇ ਨੇ 2015 ‘ਚ ਬਣਾਈ ਐੱਸ.ਆਈ.ਟੀ. ਤੇ ਦੰਗਾ ਰੋਕੂ ਸੈੱਲ ਦੇ ਡੀ.ਸੀ.ਪੀ. ਨੂੰ ਭੇਜਿਆ ਹੈ। ਭਾਜਪਾ ਆਗੂ ਮੁਤਾਬਕ ਕਤਲੇਆਮ ਲਈ ਜ਼ਿੰਮੇਵਾਰ ਪਰਦੇ ਦੇ ਪਿੱਛੇ ਲੁਕੇ ਲੋਕਾਂ ਦੀ ਜਾਂਚ ਹੋਵੇ ਤੇ ਪਤਾ ਲਾਇਆ ਜਾਵੇ ਕਿ ਕਾਂਗਰਸੀ ਆਗੂਆਂ ਨੂੰ ਕਿਸੇ ਨੇ ਦੰਗਿਆਂ ਲਈ ਭੜਕਾਇਆ। ਪਕੇਂਦਰ ਨੇ ਫਰਵਰੀ 2015 ਨੂੰ ਸਿੱਖ ਕਤਲੇਆਮ ਦੀ ਜਾਂਚ ਲਈ ਐੱਸ.ਆਈ.ਟੀ. ਨੂੰ ਹੁਕਮ ਦਿੱਤੇ ਸਨ। 2018 ‘ਚ ਸੁਪਰੀਮ ਕੋਰਟ ਨੇ ਸਿੱਖ ਕਤਲੇਆਮ ਦੇ 186 ਮਾਮਲਿਆਂ ਦੀ ਜਾਂਚ ਲਈ ਜਸਟਿਸ ਢੀਂਗਰਾ ਕਮੇਟੀ ਬਣਾਈ ਸੀ, ਜਿਸ ਨੇ ਜਨਵਰੀ 2020 ਨੂੰ ਰਿਪੋਰਟ ਅਦਾਲਤ ਨੂੰ ਸੌਂਪੀ ਸੀ। ਭਾਜਪਾ ਆਗੂ ਨੇ ਕਿਹਾ ਕਿ ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵਾਅਦੇ ਮੁਤਾਬਕ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਕਿ ਜਨਵਰੀ ‘ਚ ਸਾਲਿਸਟਰ ਜਨਰਲ ਨੇ ਗ੍ਰਹਿ ਮੰਤਰਾਲੇ ਵੱਲੋਂ ਅਦਾਲਤ ਨੂੰ ਅਜਿਹਾ ਭਰੋਸਾ ਦਿੱਤਾ ਸੀ। ਆਰ.ਪੀ. ਸਿੰਘ ਨੇ ਯੋਜਨਾਬੱਧ ਢੰਗ ਨਾਲ ਕੀਤੇ ਗਏ ਕਤਲੇਆਮ ਪਿੱਛੇ ਅਦਿੱਖ ਹੱਥਾਂ ਦਾ ਪਤਾ ਲਾਉਣ ਲਈ ਨਵੀਂ ਐੱਸ.ਆਈ.ਟੀ. ਦੀ ਮੰਗ ਵੀ ਕੀਤੀ ਕਿਉਂਕਿ 3 ਦਹਾਕੇ ਤੋਂ ਜ਼ਿਆਦਾ ਸਮੇਂ ਮਗਰੋਂ ਵੀ ਸਿੱਖ ਇਨਸਾਫ਼ ਲਈ ਫ਼ਰਿਆਦ ਕਰਦੇ ਆਏ ਹਨ। ਉਨ੍ਹਾਂ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਪ੍ਰਸ਼ਾਸਨ, ਪੁਲਿਸ ਤੇ ਹੋਰ ਧਿਰਾਂ ਨੇ ਕਿਵੇਂ ਦੋਸ਼ੀਆਂ ਨਾਲ ਸਾਂਝ ਪਾਈ।


Share