1984 ਸਿੱਖ ਕਤਲੇਆਮ ਕੇਸ ਸਬੰਧੀ ਪੀੜਤਾਂ ਦੇ ਬਿਆਨ ਕੈਨੇਡਾ ਜਾ ਕੇ ਲਵੇਗੀ ਐੱਸਆਈਟੀ

409
Share

ਕਾਨਪੁਰ, 28 ਦਸੰਬਰ (ਪੰਜਾਬ ਮੇਲ)- 1984 ਵਿਚ ਹੋਏ ਸਿੱਖ ਕਤਲੇਆਮ ਦੀ ਜਾਂਚ ਲਈ ਭਾਰਤ ਸਰਕਾਰ ਦੇ ਜਾਂਚ ਅਧਿਕਾਰੀ ਕੈਨੇਡਾ ਦੀ ਧਰਤੀ ਉਤੇ ਜਾਣਗੇ। ਕਿਉਂ ਕਿ ਕਾਨਪੁਰ ਵਿਚ ਹੋਏ ਸਿੱਖ ਕਤਲੇਆਮ ਦੇ ਪੀੜਤ ਹੁਣ ਕੈਨੇਡਾ ਜਾ ਕੇ ਵਸੇ ਹੋਏ ਹਨ, ਇਸੇ ਕਾਰਨ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਕੈਨੇਡਾ ਜਾਵੇਗੀ। ਇਸ ਪ੍ਰਕਿਰਿਆ ਨੂੰ ਅੰਤਮ ਰੂਪ ਦਿਤਾ ਜਾ ਰਿਹਾ ਹੈ। ਇਥੇ ਦਸ ਦਈਏ ਕਿ 31 ਅਕਤੂਬਰ 1984 ‘ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਸਮੇਤ ਕਾਨਪੁਰ ਵਿਚ ਵੀ ਸਿੱਖਾਂ ਦਾ ਕਤਲੇਆਮ ਹੋਇਆ ਸੀ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਹੋਈ ਹਿੰਸਾ ਵਿਚ 127 ਲੋਕਾਂ ਦੀ ਜਾਨ ਗਈ ਸੀ। ਇਸ ਕਾਂਡ ‘ਚ ਐੱਸਆਈਟੀ ਜਾਂਚ ਕਰ ਰਹੀ ਹੈ। ਦੰਗਿਆਂ ਤੋਂ ਬਾਅਦ ਜ਼ਿਆਦਾਤਰ ਪੀੜਤ ਪਰਿਵਾਰ ਕਾਨਪੁਰ ਛੱਡ ਦੇ ਬਾਹਰ ਚਲੇ ਗਏ ਸਨ। ਜਨਵਰੀ ਵਿਚ ਐੱਸਆਈਟੀ ਕੈਨੇਡਾ ਜਾ ਸਕਦੀ ਹੈ। ਸਰਬ ਭਾਰਤੀ ਦੰਗਾ ਪੀੜਤ ਰਾਹਤ ਕਮੇਟੀ 1984 ਦੇ ਕੌਮੀ ਜਨਰਲ ਸਕੱਤਰ ਸੁਰਜੀਤ ਸਿੰਗ ਓਬਰਾਏ ਨੇ ਦੱਸਿਆ ਕਿ ਕੈਨੇਡਾ ਜਾ ਕੇ ਵੱਸੇ ਦੋ ਪਰਿਵਾਰ ਕਮੇਟੀ ਦੇ ਸੰਪਰਕ ਵਿਚ ਸਨ। ਇਨ੍ਹਾਂ ਵਿਚੋਂ ਇਕ ਪਰਿਵਾਰ ਦੇ ਕੁਝ ਸਮਾਂ ਪਹਿਲਾਂ ਚੰਡੀਗੜ੍ਹ ਜਾ ਕੇ ਰਹਿਣ ਦੀ ਸੂਚਨਾ ਮਿਲੀ ਸੀ। ਇਨ੍ਹਾਂ ਵਿਚੋਂ ਕਈ ਪਰਿਵਾਰ ਪੰਜਾਬ, ਚੰਡੀਗੜ੍ਹ ਤੇ ਜਬਲਪੁਰ ਵਿਚ ਮਿਲੇ ਹਨ ਜਿਨ੍ਹਾਂ ਦੇ ਬਿਆਨ ਐੱਸਆਈਟੀ ਦਰਜ ਕਰ ਚੁੱਕੀ ਹੈ। ਸੂਤਰਾਂ ਮੁਤਾਬਕ ਕਰੀਬ ਅੱਧਾ ਦਰਜਨ ਪਰਿਵਾਰ ਕੈਨੇਡਾ ਵਿਚ ਹਨ ਜਦਕਿ ਇਕ ਪਰਿਵਾਰ ਜਰਮਨੀ ਵਿਚ ਰਹਿ ਰਿਹਾ ਹੈ। ਐੱਸਆਈਟੀ ਕੈਨੇਡਾ ਜਾ ਕੇ ਪੀੜਤ ਪਰਿਵਾਰਾਂ ਤੋਂ ਬਿਆਨ ਲਵੇਗੀ। ਇਸ ਦੀ ਤਿਆਰੀ ਚੱਲ ਰਹੀ ਹੈ। ਇਸ ਲਈ ਸ਼ਾਸਨ ਤੋਂ ਪ੍ਰਵਾਨਗੀ ਮੰਗੀ ਗਈ ਹੈ। ਛੇਤੀ ਹੀ ਪ੍ਰਵਾਨਗੀ ਮਿਲਣ ਦੀ ਉਮੀਦ ਹੈ।

Share