18 ਨੂੰ ਖੁੱਲ੍ਹ ਸਕਦੀ ਹੈ ਨਸ਼ਿਆਂ ਬਾਰੇ ਐੱਸਟੀਐੱਫ ਦੀ ਰਿਪੋਰਟ : ਚਰਨਜੀਤ ਚੰਨੀ

275
Share

ਚਮਕੌਰ ਸਾਹਿਬ, 7 ਨਵੰਬਰ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਲਿਫਾਫੇ ਵਿੱਚ ਬੰਦ ਪਈ ਐੱਸਟੀਐੱਫ ਦੀ ਨਸ਼ਿਆਂ ਸਬੰਧੀ ਰਿਪੋਰਟ 18 ਨਵੰਬਰ ਨੂੰ ਖੁੱਲ੍ਹ ਸਕਦੀ ਹੈ ਅਤੇ ਸਰਕਾਰ ਵੱਲੋਂ ਇਸ ਸਬੰਧੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ੍ਰੀ ਚੰਨੀ ਨੇ ਕਸਬਾ ਬੇਲਾ ਵਿਖੇ ਸਤਲੁਜ ਦਰਿਆ ’ਤੇ ਉਸਾਰੇ ਜਾਣ ਵਾਲੇ ਪੁਲ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਮੁਲਜ਼ਮਾਂ ਨੂੰ ਵੀ ਛੇਤੀ ਹੀ ਸਜ਼ਾ ਮਿਲੇਗੀ, ਕਿਉਂਕਿ ਇਸ ਮਾਮਲੇ ਵਿੱਚ ਜਾਂਚ ਤੇਜ਼ੀ ਨਾਲ ਸ਼ੁਰੂ ਹੋ ਚੁੱਕੀ ਹੈ ਅਤੇ ਐੱਸਟੀਐੱਫ ਪੂਰੀ ਸਰਗਰਮੀ ਨਾਲ ਆਪਣਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ,‘‘ਜਿਨ੍ਹਾਂ ਦੋਸ਼ੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਹੁਣ ਉਹ ਹੋਰ ਸਮਾਂ ਨਹੀਂ ਬਚ ਸਕਣਗੇ। ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਵਿੱਚ ਧੱਕਣ ਵਾਲੇ ਦੋਸ਼ੀਆਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਅਤੇ ਛੇਤੀ ਹੀ ਡਰੱਗ ਮਾਫੀਆ ਖ਼ਿਲਾਫ਼ ਰਿਪੋਰਟ ਖੁੱਲ੍ਹਣ ਨਾਲ ਕਈ ਨਸ਼ੇ ਦੇ ਵੱਡੇ ਸੌਦਾਗਰਾਂ ਦਾ ਪਰਦਾਫਾਸ਼ ਹੋਵੇਗਾ।’’ ਅਕਾਲੀ ਦਲ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਉਹ ਨਾਮ ਦੇ ਪੰਥਕ ਹਨ ਅਤੇ ਪੰਥ ਨੂੰ ਹਮੇਸ਼ਾ ਆਪਣੇ ਸਿਆਸੀ ਮੁਫਾਦਾਂ ਲਈ ਵਰਤਦੇ ਆਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੰਥਕ ਅਖਵਾਉਂਦੇ ਇਹ ਲੋਕ ਰਾਜਨੀਤਕ ਫਾਇਦਿਆਂ ਲਈ ਕਥਿਤ ਤੌਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਉਣ ਤੋਂ ਵੀ ਨਹੀਂ ਹਟੇ। ‘ਜਲਦੀ ਹੀ ਬੇਅਦਬੀ ਮਾਮਲਿਆਂ ਦੇ ਅਸਲੀ ਚਿਹਰੇ ਲੋਕਾਂ ਦੀ ਕਚਹਿਰੀ ਵਿੱਚ ਨੰਗੇ ਕੀਤੇ ਜਾਣਗੇ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।’ ਉਨ੍ਹਾਂ ਕਿਹਾ ਕਿ ਅਕਾਲੀਆਂ ਦੇ ਸੱਤਾ ਵਿੱਚ ਰਹਿੰਦਿਆਂ ਚਮਕੌਰ ਸਾਹਿਬ ਵਿਖੇ ਸਿੱਖ ਇਤਿਹਾਸ ਨੂੰ ਦਰਸਾਉਣ ਵਾਲੇ ਥੀਮ ਪਾਰਕ ਦਾ ਨਿਰਮਾਣ ਕਾਰਜ ਪੂਰਾ ਕਰਨ ਲਈ ਕਈ ਵਾਰ ਬੇਨਤੀ ਕੀਤੀ ਗਈ ਸੀ ਪਰ ਅਕਾਲੀਆਂ ਨੇ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ, ਸਗੋਂ ਨਿਰਮਾਣ ਵਿੱਚ ਰੋੜੇ ਹੀ ਅਟਕਾਏ ਸਨ। ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੀ ਸਾਦਗੀ ਕਾਰਨ ਉਹ ਲੋਕਾਂ ਦੇ ਬਹੁਤ ਹੀ ਹਰਮਨਪਿਆਰੇ ਨੇਤਾ ਬਣ ਗਏ ਹਨ, ਕਿਉਂਕਿ ਉਨ੍ਹਾਂ ਨੂੰ ਗਰੀਬ ਲੋਕਾਂ ਦੀਆਂ ਲੋੜਾਂ ਅਤੇ ਦਰਦ ਦਾ ਪਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਚੰਨੀ ਵੱਲੋਂ ਲਏ ਜਾ ਰਹੇ ਲੋਕ ਪੱਖੀ ਫੈਸਲੇ ਇਸ ਦੀ ਮਿਸਾਲ ਹਨ ਜਿਨ੍ਹਾਂ ਵਿੱਚ ਹਰ ਵਰਗ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾ ਰਿਹਾ ਹੈ।


Share