16 ਸਾਲਾ ਬੱਚੇ ਨੇ ‘ਨਕਲੀ ਗੰਨ’ ਪੁਲਿਸ ’ਤੇ ਤਾਣੀ; ਜਵਾਬੀ ਕਾਰਵਾਈ ’ਚ ਬੱਚੇ ਦੀ ਮੌਤ

68
Share

ਸੈਕਰਾਮੈਂਟੋ, 15 ਅਪ੍ਰੈਲ (ਪੰਜਾਬ ਮੇਲ)-ਮੈਰੀਲੈਂਡ ਸਟੇਟ ਪੁਲਿਸ ਲਿਓਨਾਰਡਟਾਊਨ ਵਿਚ ਇਕ ਪੁਲਿਸ ਅਧਿਕਾਰੀ ਦੀ¿; ਗੋਲੀਬਾਰੀ ਵਿਚ ਸ਼ਾਮਲ ਹੋਣ ਦੀ ਜਾਂਚ ਕਰ ਰਹੀ ਹੈ। ਇਸ ਵਿਚ ਇਕ 16 ਸਾਲਾ ਬੱਚੇ ਦੀ ਮੌਤ ਹੋਈ ਹੈ। ਇਸ ਗੋਲੀਬਾਰੀ ਦੇ ਮਾਮਲੇ ਵਿਚ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਮੰਗਲਵਾਰ ਦੁਪਹਿਰ ਦੇ 1.30 ਵਜੇ ਤੋਂ ਪਹਿਲਾਂ ਪੁਲਿਸ ਨੂੰ 2 ਵੱਖ-ਵੱਖ 911 ਕਾਲਾਂ ਆਈਆਂ, ਜਿਸ ’ਚ ਇਕ ਵਿਅਕਤੀ ਕੋਲ ਬੰਦੂਕ ਹੋਣ ਦੇ ਸ਼ੱਕ ਬਾਰੇ ਦੱਸਿਆ ਗਿਆ ਸੀ। ਇਸ ਉਪਰੰਤ ਕਾਰਵਾਈ ਕਰਦਿਆਂ ਮੈਰੀਲੈਂਡ ਸਟੇਟ ਪੁਲਿਸ ਦਾ ਅਧਿਕਾਰੀ ਘਟਨਾ ਸਥਾਨ ’ਤੇ ਪਹੁੰਚਿਆ ਅਤੇ ਉਸ ਨੇ ਇਕ ਲੜਕੇ ਦਾ ਸਾਹਮਣਾ ਕੀਤਾ, ਜਿਸ ਦੀ ਪਛਾਣ ਪਾਈਟਨ ਹੈਮ ਵਜੋਂ ਹੋਈ ਹੈ।
ਪੁਲਿਸ ਨੇ ਦੱਸਿਆ ਉਸ ਲੜਕੇ ਕੋਲ ਬੰਦੂਕ ਵਰਗੀ ਚੀਜ਼ ਅਤੇ ਚਾਕੂ ਦਿਖਾਈ ਦੇ ਰਿਹਾ ਸੀ। ਪੁਲਿਸ ਦੇ ਬਿਆਨ ਮੁਤਾਬਕ ਇਕ ਗਵਾਹ ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ ਉਨ੍ਹਾਂ ਨੇ ਹੈਮ ਨੂੰ ਗੋਲੀਬਾਰੀ ਦਾ ਰੁਖ਼ ਅਪਣਾਉਂਦਿਆਂ ਵੇਖਿਆ ਅਤੇ ਆਪਣੀ ਬੰਦੂਕ ਅਧਿਕਾਰੀ ਵੱਲ ਤਾਣੀ, ਜਿਸ ਦੇ ਜਵਾਬ ਵਿਚ ਪੁਲਿਸ ਅਧਿਕਾਰੀ ਨੇ ਹੈਮ ’ਤੇ ਗੋਲੀਬਾਰੀ ਕੀਤੀ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ। ਗੋਲੀ ਲੱਗਣ ਤੋਂ ਬਾਅਦ ਹੈਮ ਨੂੰ ਮੈਡਸਟਾਰ ਸੇਂਟ ਮੈਰੀ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ ਗਿਆ। ਜਲਦ ਹੀ ਉਸਦਾ ਪੋਸਟਮਾਰਟਮ ਕਰਵਾਇਆ ਜਾਵੇਗਾ।
ਪੁਲਿਸ ਵਿਭਾਗ ਮੁਤਾਬਕ ਗੋਲੀਬਾਰੀ ਤੋਂ ਬਾਅਦ ਘਟਨਾ ਵਾਲੀ ਥਾਂ ’ਤੇ ਇਕ ਚਾਕੂ ਬਰਾਮਦ ਹੋਇਆ ਅਤੇ ਹੈਮ ਦੀ ਬੰਦੂਕ ਇਕ ਏਅਰ-ਸੌਫਟ ਬੰਦੂਕ ਨਿਕਲੀ, ਜੋ ਕਿ ਅਸਲ ਹੈਂਡਗਨ ਦੀ ਤਰ੍ਹਾਂ ਵਿੱਖਦੀ ਹੈ। ਮੈਰੀਲੈਂਡ ਸਟੇਟ ਪੁਲਿਸ ਦੀ ਹੋਮੀਸਾਈਡ ਯੂਨਿਟ ਹੁਣ ਇਸ ਦੀ ਅਪਰਾਧਿਕ ਜਾਂਚ ਕਰ ਰਹੀ ਹੈ। ਜਾਂਚ ਅਧਿਕਾਰੀ ਗਵਾਹਾਂ ਦੀ ਇੰਟਰਵਿਊ ਵੀ ਜਾਰੀ ਰੱਖ ਰਹੇ ਹਨ। ਇਸ ਵਿਚ ਸ਼ਾਮਲ ਪੁਲਿਸ ਅਧਿਕਾਰੀ ਜ਼ਖਮੀ ਨਹੀਂ ਹੋਇਆ ਅਤੇ ਉਸ ਨੂੰ ਪ੍ਰਸ਼ਾਸਕੀ ਛੁੱਟੀ ’ਤੇ ਰੱਖਿਆ ਗਿਆ ਹੈ, ਜਦਕਿ ਜਾਂਚ ਜਾਰੀ ਹੈ।

Share