16 ਵਿਚੋਂ 8 ਕੋਵਿਡ ਪੁਲਿਸ ਕਰਮਚਾਰੀ ਪੂਰੀ ਤਰ੍ਹਾਂ ਠੀਕ ਹੋਣ ਬਾਅਦ ਡਿਸਚਾਰਜ:ਡੀਜੀਪੀ

885
20 ਜ਼ਿਲ੍ਹਾ ਕੁਆਰੰਟੀਨ ਸੈਂਟਰ ਸਥਾਪਤ ਕਰਨ ਨਾਲ ਕੁੱਲ ਸੈਂਟਰਾਂ ਦੀ ਗਿਣਤੀ 78 ਹੋਈ
ਚੰਡੀਗੜ੍ਹ, 17 ਮਈ (ਪੰਜਾਬ ਮੇਲ)- ਸੂਬੇ ਦੇ ਹਸਪਤਾਲਾਂ ਵਿੱਚ ਦਾਖ਼ਲ 16 ਵਿਚੋਂ 8 ਕੋਵਿਡ ਪੁਲਿਸ ਕਰਮਚਾਰੀਆਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਬਾਅਦ ਅੱਜ ਡਿਸਚਾਰਜ ਕਰ ਦਿੱਤਾ ਗਿਆ, ਪੰਜਾਬ ਪੁਲਿਸ ਵੱਲੋਂ ਮੋਹਰਲੀ ਕਤਾਰ ‘ਚ ਡਿਊਟੀ ਕਰਨ ਵਾਲੇ ਜਵਾਨਾਂ ਲਈ ਸੁਰੱਖਿਆ ਅਤੇ ਭਲਾਈ ਉਪਰਾਲਿਆਂ ਨੂੰ ਜਾਰੀ ਰੱਖਿਆ ਗਿਆ ਅਤੇ ਆਪਣੇ ਕਰਮਚਾਰੀਆਂ ਲਈ ਪਿਛਲੇ ਇੱਕ ਹਫ਼ਤੇ ਵਿੱਚ 20 ਜ਼ਿਲ੍ਹਾ ਕੁਆਰੰਟੀਨ ਸੈਂਟਰ ਸਥਾਪਤ ਕੀਤੇ ਗਏ।
ਡੀਜੀਪੀ ਦਿਨਕਰ ਗੁਪਤਾ ਨੇ ਐਤਵਾਰ ਨੂੰ ਦੱਸਿਆ ਕਿ ਇਸ ਦੇ ਨਾਲ ਹੀ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੁਆਰਾ ਨੋਟੀਫਾਈਡ ਕੀਤੇ ਗਏ ਸੈਂਟਰਾਂ ਦੀ ਕੁਲ ਸੰਖਿਆ 78 ਹੋ ਗਈ। ਉਹਨਾਂ ਅੱਗੇ ਕਿਹਾ ਕਿ 14 ਮਈ ਨੂੰ ਹਸਪਤਾਲਾਂ ਵਿੱਚ ਦਾਖ਼ਲ 16 ਪੁਲਿਸ ਮੁਲਾਜ਼ਮਾਂ ਵਿੱਚੋਂ 8 ਪੂਰੀ ਤਰ੍ਹਾਂ ਠੀਕ ਹੋ ਕੇ ਅੱਜ ਆਪਣੇ ਘਰ ਚਲੇ ਗਏ ਹਨ।
ਇਕਾਂਤਵਾਸ ਵਿੱਚ ਭੇਜੇ ਪੁਲਿਸ ਮੁਲਾਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਡੀਜੀਪੀ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ (110) ਅਤੇ ਆਰਮਡ ਪੁਲਿਸ (80) ਸਮੇਤ ਕੁੱਲ 190 ਪੁਲਿਸ ਮੁਲਾਜ਼ਮ ਫਿਲਹਾਲ ਵਿਭਾਗ ਦੁਆਰਾ ਬਣਾਏ ਗਏ ਜ਼ਿਲ੍ਹਾ ਕੁਆਰੰਟੀਨ ਸੈਂਟਰਾਂ ਵਿਚ ਕੁਆਰੰਟੀਨ ਵਿਚ ਹਨ ਜੋ ਆਪਣੀ ਡਿਊਟੀ ਦੌਰਾਨ ਸੰਕਰਮਿਤ ਵਿਅਕਤੀਆਂ ਦੇ ਸੰਪਰਕ ਵਿਚ ਆਏ ਸਨ। ਹੋਰ 90 ਜ਼ਿਲ੍ਹਾ ਪੁਲਿਸ ਮੁਲਾਜ਼ਮ ਅਤੇ 69 ਆਰਮਡ ਪੁਲਿਸ ਮੁਲਾਜ਼ਮ ਘਰੇਲੂ ਕੁਆਰੰਟੀਨ ਅਧੀਨ ਹਨ ਅਤੇ ਹੁਣ ਉਨ੍ਹਾਂ ਦੀ ਕੁਲ ਗਿਣਤੀ 349 ਰਹਿ ਗਈ ਹੈ ਜੋ ਕਿ ਪਹਿਲਾਂ 615 ਸੀ ਕਿਉਂਕਿ ਬਾਕੀ 266 ਮੁਲਾਜ਼ਮਾਂ ਦੇ ਲਾਜ਼ਮੀ ਕੁਆਰੰਟੀਨ ਦੀ ਮਿਆਦ ਪੂਰੀ ਹੋ ਗਈ ਹੈ।
ਡੀਜੀਪੀ ਨੇ ਕਿਹਾ ਕਿ ਕੁਆਰੰਟੀਨ ਸੈਂਟਰਾਂ ਵਿਚ ਪੁਲਿਸ ਮੁਲਾਜ਼ਮਾਂ ਦੀ ਦੇਖਭਾਲ ਯਕੀਨੀ ਬਣਾਉਣ ਲਈ ਜ਼ਿਲ੍ਹਿਆਂ ਦੇ ਪੁਲਿਸ ਨੋਡਲ ਅਫ਼ਸਰਾਂ ਅਤੇ ਡਾਕਟਰਾਂ ਨਾਲ ਨੇੜਿਓ ਤਾਲਮੇਲ ਕਾਇਮ ਰੱਖਿਆ ਜਾ ਰਿਹਾ ਹੈ। ਵੈਲਫੇਅਰ ਵਿੰਗ ਨੋਡਲ ਅਫ਼ਸਰਾਂ ਤੋਂ ਰੋਜ਼ਾਨਾ ਕੁਆਰੰਟੀਨ ਕਰਮਚਾਰੀਆਂ ਦੀ ਸਿਹਤ ਸੰਬੰਧੀ ਅਪਡੇਟ ਲੈਂਦਾ ਹੈ, ਇਸ ਦੇ ਨਾਲ ਹੀ ਕੋਵਿਡ -19 ਬਾਰੇ ਪੰਜਾਬ ਦੇ ਸਿਹਤ ਵਿਭਾਗ ਅਤੇ ਡਬਲਯੂਐਚਓ ਦੁਆਰਾ ਜਾਰੀ ਕੀਤੀਆਂ ਹਦਾਇਤਾਂ ਸਾਰੇ ਕੁਆਰੰਟੀਨ ਪੁਲਿਸ ਕਰਮਚਾਰੀਆਂ ਨੂੰ ਸਰਕੂਲੇਟ ਕੀਤੀਆਂ ਗਈਆਂ ਹਨ। ਘਰੇਲੂ ਕੁਆਰੰਟੀਨ ਲਈ ਵੀ ਇਸੇ ਤਰ੍ਹਾਂ ਦੀ ਦੇਖਭਾਲ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਲਈ ਮੈਡੀਕਲ ਅਧਿਕਾਰੀਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਂਦਾ ਹੈ ।
ਡੀਜੀਪੀ ਨੇ ਕਿਹਾ ਕਿ ਕੁਆਰੰਟੀਨ ਪੁਲਿਸ ਮੁਲਾਜ਼ਮਾਂ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ 16 ਪੁਲਿਸ ਮੁਲਾਜ਼ਮਾਂ ਨੂੰ ਕੁਆਰੰਟੀਨ ਹੋਣਾ ਪਿਆ ਕਿਉਂਕਿ ਉਹ ਪੁਲਿਸ ਅਧਿਕਾਰੀ ਮੁੱਢਲੇ ਸੰਪਰਕ ਵਿੱਚ ਆਉਣ ਕਰਕੇ ਪਾਜ਼ੇਟਿਵ ਹੋਏ, ਜਦਕਿ 150 ਪੁਲਿਸ ਮੁਲਜ਼ਮਾਂ ਨੂੰ ਕੁਆਰੰਟੀਨ ਹੋਣਾ ਪਿਆ ਕਿਉਂਕਿ ਉਹ ਅਪਰਾਧੀਆਂ ਨਾਲ ਪੁੱਛਗਿੱਛ ਦੌਰਾਨ ਪਾਜ਼ੇਟਿਵ ਦੇ ਸੰਪਰਕ ਵਿੱਚ ਆਏ ਅਤੇ ਉਸ ਤੋਂ ਬਾਅਦ ਉਹਨਾਂ ਦਾ ਟੈਸਟ ਪਾਜ਼ੇਟਿਵ ਪਾਇਆ ਗਿਆ।
118 ਹੋਰ ਪੁਲਿਸ ਮੁਲਾਜ਼ਮਾਂ ਨੂੰ ਕੁਆਰੰਟੀਨ ਕਰਨਾ ਪਿਆ ਕਿਉਂਕਿ ਉਹ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ, ਜੈਸਲਮੇਰ (ਰਾਜਸਥਾਨ) ਦੇ ਕਰਮਚਾਰੀ, ਜਵਾਹਰ ਨਵੋਦਿਆ ਸਦਨ ਦੇ ਵਿਦਿਆਰਥੀਆਂ ਅਤੇ ਕੋਟਾ (ਰਾਜਸਥਾਨ) ਤੋਂ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦੇ ਨਾਲ-ਨਾਲ ਬੱਚਿਆਂ ਅਤੇ ਮਜ਼ਦੂਰਾਂ ਨੂੰ ਜੰਮੂ-ਕਸ਼ਮੀਰ ਲੈ ਕੇ ਜਾਣ ਸਮੇਂ ਡਿਊਟੀ ‘ਤੇ ਤਾਇਨਾਤ ਕੀਤੇ ਗਏ ਸਨ। ਇਸ ਤੋਂ ਇਲਾਵਾ, ਜ਼ਿਲ੍ਹਾ ਮਾਨਸਾ ਵਿੱਚ 54 ਵਿਅਕਤੀਆਂ ਨੂੰ ਕੁਆਰੰਟੀਨ ਕੀਤਾ ਗਿਆ ਸੀ ਕਿਉਂਕਿ ਉਹ ਬੁਢਲਾਡਾ, ਮਾਨਸਾ ਦੇ ਕੰਟੇਨਟਮੈਂਟ ਜੋਨ ਵਿੱਚ ਡਿਊਟੀ ਨਿਭਾ ਰਹੇ ਕੋਵਿਡ ਸਕਾਰਾਤਮਕ ਪੁਲਿਸ ਕਰਮਚੀਆਂ ਦੇ ਮੁੱਢਲੇ ਸੰਪਰਕ ਵਿੱਚ ਆਏ ਸਨ, ਜਦੋਂ ਕਿ ਲੁਧਿਆਣਾ ਵਿੱਚ 11 ਵਿਅਕਤੀਆਂ ਨੂੰ ਲਾਗ ਕਾਰਨ ਵਿਅਕਤੀ ਦੀ ਮੌਤ ਤੋਂ ਬਾਅਦ ਲਾਸ਼ ਦੇ ਸੰਪਰਕ ਵਿੱਚ ਆਉਣ ਕਾਰਨ ਸ਼ੱਕੀ ਹੋਣ ਕਰਕੇ ਕੁਆਰੰਟੀਨ ਕਰ ਦਿੱਤਾ ਗਿਆ ਸੀ।
ਇਸ ਤੋਂ ਇਲਾਵਾ, ਹੈਡਕੁਆਰਟਰਾਂ ਤੋਂ ਵੈਲਫੇਅਰ ਵਿੰਗ ਦੇ ਅਧਿਕਾਰੀ ਹਰ ਰੋਜ਼ ਨੋਡਲ ਅਫ਼ਸਰਾਂ ਦੀ ਜਾਂਚ ਕਰਦੇ ਹਨ ਅਤੇ ਉਨ੍ਹਾਂ ਦੀ ਸਿਹਤ ਦੀ ਸਥਿਤੀ ਅਤੇ ਤੰਦਰੁਸਤੀ ਬਾਰੇ  ਕੁਆਰੰਟੀਨ ਵਿਅਕਤੀਆਂ ਨਾਲ ਗੱਲ ਕਰਦੇ ਹਨ। ਵਿਸ਼ੇਸ਼ ਤੌਰ ‘ਤੇ, ਹਰੇਕ ਜ਼ਿਲ੍ਹੇ/ਇਕਾਈ ਵਿਚ ਪੁਲਿਸ ਵਿਭਾਗ ਦੇ ਇਕ ਨੋਡਲ ਅਧਿਕਾਰੀ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਜੋ ਉਨ੍ਹਾਂ ਸਾਰਿਆਂ ਦੀ ਸਿਹਤ ਦੀ ਨਿਗਰਾਨੀ ਕੀਤੀ ਜਾ ਸਕੇ ਜੋ ਕੁਆਰੰਟੀਨ ਹਨ ਜਾਂ ਹਸਪਤਾਲ ਵਿਚ ਆਈਸੋਲੇਸ਼ਨ ਕੇਂਦਰਾਂ ਵਿੱਚ ਹਨ।
ਜ਼ਿਲ੍ਹਿਆਂ ਅਤੇ ਹਥਿਆਰਬੰਦ ਪੁਲਿਸ ਇਕਾਈਆਂ ਤੋਂ ਪ੍ਰਾਪਤ ਹੋਈ ਰੋਜ਼ਾਨਾ ਜਾਣਕਾਰੀ ਅਤੇ ਡੀਜੀਪੀ ਪੰਜਾਬ ਨਾਲ ਸਾਂਝੀ ਕੀਤੀ ਸੂਚਨਾ ਦੇ ਅਧਾਰ ਤੇ ਰੋਜ਼ਾਨਾ ਜਾਂਚੇ ਗਏ ਕੋਵਿਡ ਟੈਸਟ ਦੀ ਰਿਪੋਰਟ, ਕੁਆਰੰਟੀਨ ਅਤੇ ਡਿਸਚਾਰਜ/ਠੀਕ ਹੋਣ ਵਾਲੇ ਪੁਲਿਸ ਮੁਲਾਜ਼ਮਾਂ ਦੀ ਜਾਣਕਾਰੀ ਨੂੰ ਇੱਕ ਸਪ੍ਰੈਡਸ਼ੀਟ ‘ਤੇ ਤਿਆਰ ਕੀਤਾ ਜਾਂਦਾ ਹੈ। ਸਪੈਸ਼ਲ ਡੀਜੀਪੀ, ਪੀਏਪੀ, ਆਰਮਡ ਯੂਨਿਟਾਂ ਦੇ ਕੁਆਰੰਟੀਨ ਪੁਲਿਸ ਕਰਮਚਾਰੀਆਂ ਦੀ ਡਾਕਟਰਾਂ ਦੇ ਦੌਰੇ ਅਤੇ ਉਨ੍ਹਾਂ ਨੂੰ ਦਿੱਤੀ ਜਾਣ ਵਾਲੀ ਖੁਰਾਕ ਸਮੇਤ ਸਿਹਤ ਸਥਿਤੀ ਦੀ ਵੀ ਨਿਗਰਾਨੀ ਕਰਦਾ ਹੈ।
ਹਸਪਤਾਲਾਂ ਵਿੱਚ ਆਈਸੋਲੇਸ਼ਨ ਵਿੱਚ ਰੱਖੇ ਕੋਵਿਡ ਸਕਾਰਾਤਮਕ ਪੁਲਿਸ ਦਾ ਇੱਕ ਵਟਸਐਪ ਸਮੂਹ ਸ੍ਰੀਮਤੀ ਵੀ ਨੀ ਨੀਰਜਾ, ਏਡੀਜੀਪੀ ਵੈਲਫੇਅਰ ਨਾਲ ਬਣਾਇਆ ਗਿਆ ਹੈ, ਜੋ ਪੰਜਾਬ ਪੁਲਿਸ, ਏਆਈਜੀ/ਵੈਲਫੇਅਰ, ਰੇਂਜ ਸੁਪਰਵਾਈਜ਼ਰੀ ਅਫ਼ਸਰਾਂ ਅਤੇ ਨੋਡਲ ਅਫ਼ਸਰਾਂ ਦੇ ਮੈਂਬਰਾਂ ਨਾਲ ਸਿੱਧਾ ਸੰਪਰਕ ਕਰਕੇ ਤਾਲਮੇਲ ਅਤੇ ਨਿਗਰਾਨੀ ਕਰ ਰਹੀ ਹੈ।
ਇਸ ਦੌਰਾਨ, ਡੀਜੀਪੀ ਦੇ ਨਿਰਦੇਸ਼ਾਂ ਅਨੁਸਾਰ, ਵੈਲਫੇਅਰ ਵਿੰਗ ਨੇ ਸਾਰੇ ਜ਼ਿਲ੍ਹਿਆਂ ਅਤੇ ਆਰਮਡ ਪੁਲਿਸ ਇਕਾਈਆਂ ਨੂੰ ਲਿਖਤੀ ਤੌਰ ‘ਤੇ ਪੁਲਿਸ ਕਰਮਚਾਰੀਆਂ ਨੂੰ ਫਰੰਟ ਲਾਈਨ ਡਿਊਟੀਆਂ ਤੋਂ ਛੋਟ ਦੇਣ ਲਈ ਕਿਹਾ ਹੈ ਜੋ ਬੀਪੀ, ਸ਼ੂਗਰ ਅਤੇ ਸਾਹ ਦੀਆਂ ਹੋਰ ਸਮੱਸਿਆਵਾਂ ਨਾਲ ਪੀੜਤ ਹਨ ਜਾਂ 55 ਸਾਲ ਤੋਂ ਵੱਧ ਉਮਰ ਦੇ ਹਨ ਜਾਂ ਸਾਲਾਨਾ ਮੈਡੀਕਲ ਜਾਂਚ 2019 ਮੁਤਾਬਕ ਕਿਸੇ ਗੰਭੀਰ ਪੁਰਾਣੀ ਬੀਮਾਰੀ ਤੋਂ ਪੀੜਤ ਹਨ।