15 ਮਾਰਚ ਤੋਂ ਬਾਅਦ ਪਹਿਲੀ ਵਾਰ 24 ਘੰਟਿਆਂ ਵਿਚ ਕੈਨੇਡਾ ਵਿਚ ਕੋਵਿਡ-19 ਕਾਰਣ ਇਕ ਵੀ ਮੌਤ ਨਹੀਂ ਹੋਈ

652

ਟੋਰਾਂਟੋ, 12 ਸਤੰਬਰ (ਪੰਜਾਬ ਮੇਲ)- ਜਨਤਕ ਸਿਹਤ ਏਜੰਸੀ ਦੇ ਸ਼ੁੱਕਰਵਾਰ ਨੂੰ ਦੇਰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ 15 ਮਾਰਚ ਤੋਂ ਬਾਅਦ ਪਹਿਲੀ ਵਾਰ 24 ਘੰਟਿਆਂ ਵਿਚ ਕੈਨੇਡਾ ਵਿਚ ਕੋਵਿਡ-19 ਕਾਰਣ ਇਕ ਵੀ ਮੌਤ ਨਹੀਂ ਹੋਈ ਹੈ। ਸਰਕਾਰੀ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ 11 ਸਤੰਬਰ ਨੂੰ ਕੈਨੇਡਾ ਵਿਚ ਮਹਾਮਾਰੀ ਕਾਰਣ ਮੌਤਾਂ 9,163 ਸਨ ਜੋ ਕਿ 10 ਸਤੰਬਰ ਨੂੰ ਵੀ ਇੰਨੀਆਂ ਹੀ ਸਨ। ਅੰਕੜਿਆਂ ਮੁਤਾਬਕ ਹਾਲਾਂਕਿ ਇਸ ਦੌਰਾਨ ਕੋਰੋਨਾ ਦੇ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਵਿਚ 702 ਮਾਮਲਿਆਂ ਦਾ ਵਾਧਾ ਹੋਇਆ ਹੈ ਤੇ ਕੁੱਲ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਵਧਕੇ 135,626 ਹੋ ਗਈ।

ਬਹੁਤੇ ਸੂਬਿਆਂ ਵਿਚ ਤਾਲਾਬੰਦੀ ਸਬੰਧੀ ਪਾਬੰਦੀਆਂ ਵਿਚ ਢਿੱਲ ਦਿੱਤੀ ਗਈ ਹੈ ਤੇ ਸਕੂਲਾਂ ਦੇ ਖੁੱਲਣ ਕਾਰਨ ਕੈਨੇਡਾ ਵਿਚ ਕੋਰੋਨਾ ਮਾਮਲਿਆਂ ਵਿਚ ਥੋੜਾ ਵਧੇਰੇ ਉਛਾਲ ਦੇਖਿਆ ਗਿਆ ਹੈ। ਵਾਇਰਸ ਫੈਲਣ ਤੋਂ ਬਚਾਅ ਲਈ ਅਧਿਕਾਰੀਆਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ ਤੇ ਬ੍ਰਿਟਿਸ਼ ਕੋਲੰਬੀਆ ਸਣੇ ਹੋਰਾਂ ਸੂਬਿਆਂ ਨੇ ਵਾਇਰਸ ਨਾਲ ਨਜਿੱਠਣ ਲਈ ਨਵੀਆਂ ਰੋਕਾਂ ਲਗਾ ਦਿੱਤੀਆਂ ਹਨ। ਇਸ ਸਭ ਦੇ ਬਾਵਜੂਦ ਵੀ ਕੈਨੇਡਾ ਦੇ ਹਾਲਾਤ ਆਪਣੇ ਗੁਆਂਢੀ ਮੁਲਕਾਂ ਤੋਂ ਕੁਝ ਬਿਹਤਰ ਲੱਗ ਰਹੇ ਹਨ। ਕੈਨੇਡਾ ਦੀ ਸਰਹੱਦ ਪਾਰ ਅਮਰੀਕਾ ਵਿਚ ਮਹਾਂਮਾਰੀ ਕਾਰਣ 1,90,000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 6.38 ਮਿਲੀਅਨ ਤੋਂ ਵਧੇਰੇ ਲੋਕ ਹੁਣ ਤੱਕ ਇਨਫੈਕਟਿਡ ਹੋਏ ਹਨ।

ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕੈਨੇਡਾ ਦੇ ਸਿਹਤ ਕਰਮਚਾਰੀਆਂ ਨੂੰ ਸਾਰਸ ਜਾਂ ਹੋਰ ਗੰਭੀਰ ਸਾਹ ਸਬੰਧੀ ਬੀਮਾਰੀਆਂ ਤੋਂ ਇਸ ਵਾਇਰਸ ਨਾਲ ਨਜਿੱਠਣ ਦਾ ਵਧੀਆ ਤਜ਼ਰਬਾ ਮਿਲਿਆ ਹੈ। ਸਾਰਸ ਕਾਰਣ ਏਸ਼ੀਆ ਤੋਂ ਬਾਅਦ ਸਿਰਫ ਕੈਨੇਡਾ ਵਿਚ ਹੀ 44 ਲੋਕਾਂ ਨੇ ਆਪਣੀ ਜਾਨ ਗੁਆਈ ਸੀ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਟੋਰਾਂਟੋ ਵਿਚ 25 ਜਨਵਰੀ ਨੂੰ ਕੋਰੋਨਾ ਵਾਇਰਸ ਦਾ ਸਭ ਤੋਂ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਕੈਨੇਡਾ ਦੇ ਸਭ ਤੋਂ ਵਧੇਰੇ ਆਬਾਦੀ ਵਾਲੇ ਦੋ ਸੂਬਿਆਂ ਓਨਟਾਰੀਓ ਤੇ ਕਿਊਬਿਕ ਵਿਚ ਕੋਰੋਨਾ ਵਾਇਰਸ ਦੇ ਸਭ ਤੋਂ ਵਧੇਰੇ ਮਾਮਲੇ ਦਰਜ ਕੀਤੇ ਗਏ। ਦੋਵਾਂ ਸੂਬਿਆਂ ਨੂੰ ਕੋਰੋਨਾ ਵਾਇਰਸ ਖਿਲਾਫ ਲੜਾਈ ਵਿਚ ਸਖਤ ਮਿਹਨਤ ਕਰਨੀ ਪੈ ਰਹੀ ਹੈ। ਮੱਧ ਮਾਰਚ ਤੋਂ ਬਾਅਦ ਕੈਨੇਡਾ ਵਿਚ ਵਾਇਰਸ ਦਾ ਪਸਾਰ ਵਧ ਗਿਆ ਤੇ ਕੈਨੇਡਾ ਨੇ ਆਪਣੀਆਂ ਅੰਤਰਰਾਸ਼ਟਰੀ ਸਰਹੱਦਾਂ ਬੰਦ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਤੇਜ਼ੀ ਨਾਲ ਕੈਨੇਡੀਅਨਾਂ ਤੇ ਪ੍ਰਵਾਸੀਆਂ ਦੇ ਟੈਸਟ ਸ਼ੁਰੂ ਕੀਤੇ। ਕੈਨੇਡਾ ਵਿਚ ਕੋਰੋਨਾ ਵਾਇਰਸ ਕਾਰਣ ਸਭ ਤੋਂ ਪਹਿਲੀ ਮੌਤ ਬ੍ਰਿਟਿਸ਼ ਕੋਲੰਬੀਆ ਵਿਚ 9 ਮਾਰਚ ਨੂੰ ਹੋਈ ਸੀ।