135 ਵੀ.ਆਈ.ਪੀਜ਼, ਸਿਆਸਤਦਾਨਾਂ ਅਤੇ ਚੇਅਰਮੈਨਾਂ ਨਾਲ ਤਾਇਨਾਤ 174 ਸੁਰੱਖਿਆ ਕਰਮੀ ਵਾਪਸ ਬੁਲਾਏ

809

ਚੰਡੀਗੜ੍ਹ, 22 ਅਪ੍ਰੈਲ (ਪੰਜਾਬ ਮੇਲ)- ਪੰਜਾਬ ਪੁਲਿਸ ਵਲੋਂ ਡੀ.ਜੀ.ਪੀ. ਪੱਧਰ ‘ਤੇ ਸੁਰੱਖਿਆ ਕਰਮੀ ਤਾਇਨਾਤ ਕਰਨ ਦੇ ਕੀਤੇ ਗਏ ਰੀਵਿਊ ਤੋਂ ਬਾਅਦ ਪੰਜਾਬ ਦੇ ਕੋਈ 135 ਵੀ.ਆਈ.ਪੀਜ਼, ਸਿਆਸਤਦਾਨਾਂ, ਸਾਬਕਾ ਸਿਵਲ ਅਤੇ ਪੁਲਿਸ ਅਧਿਕਾਰੀਆਂ, ਅਕਾਲੀ ਆਗੂਆਂ ਅਤੇ ਚੇਅਰਮੈਨਾਂ ਆਦਿ ਨਾਲ ਤਾਇਨਾਤ 174 ਸੁਰੱਖਿਆ ਮੁਲਾਜ਼ਮ ਵਾਪਸ ਬੁਲਾ ਲਏ ਗਏ ਹਨ। ਰਾਜ ਸਰਕਾਰ ਵਲੋਂ ਜਾਰੀ ਕੀਤੇ ਗਏ ਇਨ੍ਹਾਂ ਹੁਕਮਾਂ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਕਰਮਚਾਰੀ ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਈਆਂ ਪ੍ਰਸਥਿਤੀਆਂ ਕਾਰਨ ਅਮਨ ਕਾਨੂੰਨ ਦੀਆਂ ਡਿਊਟੀਆਂ ‘ਤੇ ਤਾਇਨਾਤ ਕੀਤੇ ਜਾਣ ਅਤੇ ਮਹਾਂਮਾਰੀ ਨਾਲ ਨਿਪਟਣ ਲਈ ਵਾਪਸ ਬੁਲਾਏ ਗਏ ਹਨ। ਹੁਕਮ ‘ਚ ਕਿਹਾ ਗਿਆ ਹੈ ਕਿ ਪੰਜਾਬ ‘ਚ ਹਾਲਾਤ ਆਮ ਵਰਗੇ ਹੋਣ ਤੋਂ ਬਾਅਦ ਦ ਵਾਪਸ ਕੀਤੇ ਗਏ ਇਹ ਪੁਲਿਸ ਸੁਰੱਖਿਆ ਕਰਮੀ ਵਾਪਸ ਭੇਜ ਦਿੱਤੇ ਜਾਣਗੇ। ਵਰਨਣਯੋਗ ਹੈ ਕਿ ਇਨ੍ਹਾਂ ‘ਚੋਂ ਬਹੁਤੇ ਪੁਲਿਸ ਅਧਿਕਾਰੀ ਸਾਬਕਾ ਅਕਾਲੀ ਵਿਧਾਨਕਾਰਾਂ, ਮੰਤਰੀਆਂ ਅਤੇ ਉਨ੍ਹਾਂ ਦੇ ਸਲਾਹਕਾਰਾਂ ਨਾਲ ਤਾਇਨਾਤ ਸਨ, ਜਦੋਂਕਿ ਬਹੁਤ ਸਾਰੇ ਸਾਬਕਾ ਪੁਲਿਸ ਅਤੇ ਸਿਵਲ ਦੇ ਅਧਿਕਾਰੀਆਂ ਅਤੇ ਕੁਝ ਅਦਾਲਤੀ ਅਧਿਕਾਰੀਆਂ ਨਾਲ ਤਾਇਨਾਤ ਸਨ।