123 ਨੌਜਵਾਨ ਅਮਰੀਕਾ ਤੋਂ ਡਿਪੋਰਟ ਹੋ ਕੇ ਚੌਥੀ ਉਡਾਣ ਰਾਹੀਂ ਭਾਰਤ ਪੁੱਜੇ

826
Share

ਰਾਜਾਸਾਂਸੀ, 12 ਅਗਸਤ (ਪੰਜਾਬ ਮੇਲ)- ਤਕਰੀਬਨ ਬੀਤੇ ਵਰ੍ਹੇ ਅਮਰੀਕਾ ਗਏ ਭਾਰਤੀ ਨੌਜਵਾਨ ਟਰੰਪ ਸਰਕਾਰ ਦੇ ਅੜਿੱਕੇ ਚੜ੍ਹ ਜਾਣ ਅਤੇ ਉਥੇ ਪੱਕੇ ਹੋਣ ਦੀ ਕਾਨੂੰਨੀ ਲੜਾਈ ਹਾਰਨ ਉਪਰੰਤ 123 ਭਾਰਤੀ ਨੌਜਵਾਨ ਜਿਨ੍ਹਾਂ ਵਿਚ ਕੁਝ ਲੜਕੀਆਂ ਤੇ ਬੱਚੇ ਵੀ ਸ਼ਾਮਿਲ ਸਨ, ਡਿਪੋਰਟ ਹੋ ਕੇ ਚੌਥੀ ਉਡਾਣ ਰਾਹੀਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜ ਗਏ ਹਨ। ਇਥੇ ਪੁੱਜਣ ਮੌਕੇ ਕੇਂਦਰ ਤੇ ਪੰਜਾਬ ਸਮੇਤ ਵੱਖ-ਵੱਖ ਸੂਬਾ ਸਰਕਾਰਾਂ ਵਲੋਂ ਕੋਈ ਵੀ ਖਾਸ ਪ੍ਰਬੰਧ ਨਾ ਕੀਤਾ ਗਿਆ। ਜਦੋਂਕਿ ਭੁੱਖਣਭਾਣੇ ਨੌਜਵਾਨ ਹਵਾਈ ਅੱਡੇ ਤੋਂ ਬਾਹਰ ਲਵਾਰਿਸਾਂ ਵਾਂਗ ਦੇਰ ਰਾਤ ਇੱਧਰ-ਉਧਰ ਘੁੰਮਦੇ ਹੋਏ ਖੱਜਲ-ਖੁਆਰ ਹੁੰਦੇ ਵੇਖੇ ਗਏ। ਇਥੇ ਆਏ ਪੰਜਾਬ, ਹਰਿਆਣਾ, ਗੁਜਰਾਤ ਸਮੇਤ ਹੋਰ ਸੂਬਿਆਂ ਦੇ ਨੌਜਵਾਨਾਂ ਤੇ ਬੱਚਿਆਂ ਸਮੇਤ ਕੁਝ ਲੜਕੀਆਂ ਨੂੰ ਉਨ੍ਹਾਂ ਦੇ ਪਿਤਰੀ ਸੂਬਿਆਂ ਨੂੰ ਲੈ ਕੇ ਜਾਣ ਲਈ ਸਰਕਾਰਾਂ ਵਲੋਂ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਕੀਤਾ ਗਿਆ। ਰਾਜਾਸਾਂਸੀ ਹਵਾਈ ਅੱਡੇ ‘ਤੇ ਪੁੱਜ ਕੇ ਖੱਜਲ-ਖੁਆਰ ਹੋਏ ਵਿਨੋਦ ਕੁਮਾਰ ਹਰਿਆਣਾ, ਗੁਰਭੇਜ ਸਿੰਘ ਵਾਸੀ ਜ਼ੀਰਾ, ਗੁਰਪ੍ਰੀਤ ਸਿੰਘ ਕਪੂਰਥਲਾ, ਜਤਿੰਦਰ ਸਿੰਘ ਰੋਪੜ, ਪਰਮਜੀਤ ਸਿੰਘ ਕਪੂਰਥਲਾ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਪਹਿਲੀਆਂ ਤਿੰਨ ਉਡਾਣਾਂ ਰਾਹੀਂ ਅਮਰੀਕਾ ਤੋਂ ਡਿਪੋਰਟ ਹੋ ਕੇ ਇਥੇ ਪੁੱਜੇ ਨੌਜਵਾਨਾਂ ਨੂੰ ਵੱਖ-ਵੱਖ ਸਬੰਧਿਤ ਸੂਬਿਆਂ ਦੀਆਂ ਸਰਕਾਰਾਂ ਵਲੋਂ ਵਿਸ਼ੇਸ਼ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਸੀ, ਪਰੰਤੂ ਉਸ ਹਵਾਈ ਉਡਾਣ ਤੋਂ ਉਨ੍ਹਾਂ ਨੂੰ ਲੈ ਕੇ ਜਾਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਇਸ ਲਈ ਉਨ੍ਹਾਂ ਨੂੰ ਕੇਂਦਰ ਤੇ ਸੂਬਾ ਸਰਕਾਰਾਂ ਵਿਰੁੱਧ ਭਾਰੀ ਰੋਸ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਅਮਰੀਕਾ ਦੀ ਪੁਲਿਸ ਵਲੋਂ ਹੱਥ ਘੜੀਆਂ ਨਾਲ ਜਕੜ ਕੇ ਓਮਨੀ ਉੁਡਾਣ (ਹਵਾਈ ਜਹਾਜ਼) ਰਾਹੀਂ ਇਥੇ ਪਹੁੰਚਾਇਆ ਗਿਆ ਹੈ।


Share