12 ਅਪ੍ਰੈਲ ਨੂੰ ਵਿਸਾਖੀ ਮੌਕੇ ਗੁਰਧਾਮਾਂ ਦੀ ਯਾਤਰਾ ’ਤੇ ਪਾਕਿ ਜਾਵੇਗਾ ਸਿੱਖ ਯਾਤਰੂ ਜਥਾ

136
Share

-ਸ਼੍ਰੋਮਣੀ ਕਮੇਟੀ ਨੇ ਮੰਗੇ ਪਾਸਪੋਰਟ
ਅੰਮਿ੍ਰਤਸਰ, 10 ਮਾਰਚ (ਪੰਜਾਬ ਮੇਲ)-ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ’ਤੇ ਜਾਣ ਵਾਲਾ ਭਾਰਤੀ ਸਿੱਖ ਯਾਤਰੂ ਜਥਾ 12 ਅਪ੍ਰੈਲ ਨੂੰ ਅਟਾਰੀ ਸਰਹੱਦ ਰਾਹੀਂ ਪੈਦਲ ਵਾਹਗਾ ਪਹੁੰਚੇਗਾ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮੀਰ ਸਿੰਘ ਨੇ ਲਾਹੌਰ ਤੋਂ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਅਤੇ ਗੁਰਦੁਆਰਾ ਕਮੇਟੀ ਦੀ ਹੋਈ ਬੈਠਕ ’ਚ ਫ਼ੈਸਲਾ ਲਿਆ ਗਿਆ ਕਿ ਭਾਰਤੀ ਯਾਤਰੂਆਂ ਲਈ 9 ਦਿਨਾਂ ਦਾ ਵੀਜ਼ਾ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 12 ਅਪ੍ਰੈਲ ਨੂੰ ਯਾਤਰੂਆਂ ਦੇ ਜੇ.ਸੀ.ਪੀ. ਅਟਾਰੀ ਰਾਹੀਂ ਸੜਕ ਰਸਤੇ ਵਾਹਗਾ ਪਹੁੰਚਣ ਉਪਰੰਤ ਉਥੋਂ ਉਨ੍ਹਾਂ ਨੂੰ ਵਾਹਗਾ ਰੇਲਵੇ ਸਟੇਸ਼ਨ ਪਹੁੰਚਾਇਆ ਜਾਵੇਗਾ ਅਤੇ ਯਾਤਰੂ ਲਗਭਗ ਤਿੰਨ ਵਰ੍ਹਿਆਂ ਬਾਅਦ ਰੇਲ ਗੱਡੀ ਰਾਹੀਂ ਪਾਕਿ ਸਥਿਤ ਗੁਰਧਾਮਾਂ ਦੀ ਯਾਤਰਾ ਕਰਨਗੇ।¿;
ਅਮੀਰ ਸਿੰਘ ਨੇ ਦੱਸਿਆ ਕਿ ਵਾਹਗਾ ਤੋਂ ਸਪੈਸ਼ਲ ਤਿੰਨ ਗੱਡੀਆਂ ਰਾਹੀਂ ਭਾਰੀ ਸੁਰੱਖਿਆ ਹੇਠ ਜਥਾ ਸਿੱਧਾ ਹਸਨ ਅਬਦਾਲ ਲਈ ਰਵਾਨਾ ਕੀਤਾ ਜਾਵੇਗਾ। 13 ਅਪ੍ਰੈਲ ਨੂੰ ਯਾਤਰੂ ਵਲੀ ਕੰਧਾਰੀ ਦੀ ਦਰਗਾਹ ’ਤੇ ਮੱਥਾ ਟੇਕਣ ਜਾਣਗੇ ਅਤੇ 14 ਅਪ੍ਰੈਲ ਨੂੰ ਵਿਸਾਖੀ ਮੌਕੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ’ਚ ਰੱਖੇ ਅਖੰਡ ਪਾਠ ਦੇ ਭੋਗ ਪਾਏ ਜਾਣਗੇ। 15 ਅਪ੍ਰੈਲ ਨੂੰ ਬਾਅਦ ਦੁਪਹਿਰ ਯਾਤਰੂਆਂ ਨੂੰ ਸ੍ਰੀ ਨਨਕਾਣਾ ਸਾਹਿਬ ਲਈ ਰਵਾਨਾ ਕੀਤਾ ਜਾਵੇਗਾ। 16 ਅਪ੍ਰੈਲ ਨੂੰ ਸੰਗਤ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਸਮੇਤ ਸਥਾਨਕ ਹੋਰਨਾਂ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨ ਉਪਰੰਤ ਫਾਰੂਖਾਬਾਦ ਸਥਿਤ ਗੁਰਦੁਆਰਾ ਸੱਚਾ ਸੌਦਾ ਦੇ ਦਰਸ਼ਨ ਕਰਨ ਪਹੁੰਚੇਗੀ। ਅਗਲੇ ਦਿਨ 17 ਅਪ੍ਰੈਲ ਨੂੰ ਸੰਗਤ ਨੂੰ ਲਾਹੌਰ ਲਈ ਰਵਾਨਾ ਕੀਤਾ ਜਾਵੇਗਾ। ਲਾਹੌਰ ਪਹੁੰਚਣ ਉਪਰੰਤ ਸੰਗਤ 19 ਅਪ੍ਰੈਲ ਨੂੰ ਬੱਸਾਂ ਰਾਹੀਂ ਨਾਰੋਵਾਲ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰੇਗੀ ਅਤੇ ਉਥੇ ਰਾਤ ਰੁਕਣ ਉਪਰੰਤ 20 ਅਪ੍ਰੈਲ ਨੂੰ ਯਾਤਰੂ ਗੁਜਰਾਂਵਾਲਾ ਦੇ ਏਮਨਾਬਾਦ ਕਸਬੇ ਵਿਚਲੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਕੇ ਰਾਤ ਲਾਹੌਰ ਪਹੁੰਚਣਗੇ, ਜਿਥੋਂ 21 ਅਪ੍ਰੈਲ ਨੂੰ ਸੰਗਤ ਨੂੰ ਭਾਰਤ ਲਈ ਰਵਾਨਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵਾਰ 3000 ਭਾਰਤੀ ਅਤੇ 1800 ਹੋਰਨਾ ਮੁਲਕਾਂ ’ਚ ਰਹਿੰਦੇ ਸਿੱਖਾਂ ਲਈ ਵੀਜ਼ਾ ਜਾਰੀ ਕੀਤਾ ਜਾ ਰਿਹਾ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਅਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਜੂਨ ਮਹੀਨੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਭੇਜੇ ਜਾਣ ਵਾਲੇ ਜਥਿਆਂ ਨਾਲ ਜਾਣ ਦੇ ਚਾਹਵਾਨ ਸ਼ਰਧਾਲੂਆਂ ਤੋਂ ਪਾਸਪੋਰਟਾਂ ਦੀ ਮੰਗ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਜਥੇ ਭੇਜਣ ਸੰਬੰਧੀ ਪ੍ਰਕਿਰਿਆ ਆਰੰਭੀ ਗਈ ਹੈ, ਜਿਸ ਅਨੁਸਾਰ ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਪੁਰਬ ਅਤੇ ਸ਼ੇਰ-ਏ-ਪੰਜਾਬ ਦੀ ਬਰਸੀ ਮੌਕੇ ਪਾਕਿਸਤਾਨ ਜਾਣ ਦੇ ਚਾਹਵਾਨ ਸ਼ਰਧਾਲੂ ਆਪਣੇ ਪਾਸਪੋਰਟ 25 ਮਾਰਚ ਤੱਕ ਦਫਤਰ ਸ਼੍ਰੋਮਣੀ ਕਮੇਟੀ ਵਿਖੇ ਭੇਜ ਸਕਦੇ ਹਨ। ਉਨ੍ਹਾਂ ਕਿਹਾ ਕਿ ਚਾਹਵਾਨ ਸ਼ਰਧਾਲੂ ਪਾਸਪੋਰਟਾਂ ਦੇ ਨਾਲ ਮੈਂਬਰ ਸ਼੍ਰੋਮਣੀ ਕਮੇਟੀ ਦੀ ਸਿਫਾਰਸ਼ ਸਹਿਤ ਆਪਣਾ ਕੋਈ ਪਛਾਣ ਪੱਤਰ ਵੀ ਜਮ੍ਹਾ ਕਰਵਾਉਣ।

Share