118 ਸਾਲ ਬਾਅਦ ਵਲਿੰਗਟਨ ਦੀ ਇਕ ਲਾਇਬ੍ਰੇਰੀ ਨੂੰ ਵਾਪਿਸ ਮਿਲੀ ਉਸਦੀ ਕਿਤਾਬ-43000 ਪੈਨੀ ਜ਼ੁਰਮਾਨ ਮੁਆਫ

562
118 ਸਾਲ ਬਾਅਦ ਨਿਊਜ਼ੀਲੈਂਡ ਪਰਤੀ ਇਕ ਕਿਤਾਬ।
Share

ਲਾਇਬ੍ਰੇਰੀ: ਕਿਤਾਬਾਂ ਦਾ ਅਸਲੀ ਘਰ
-ਬੁੱਕ ਸੇਲ ਵਾਲਿਆਂ ਨੂੰ ਮਿਲੀ ਸੀ ਦਾਨ ਰੂਪ’ਚ
ਔਕਲੈਂਡ, 20 ਅਗਸਤ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਜਿਵੇਂ ਇਕ ਵਿਅਕਤੀ ਦਾ ਅਸਲੀ ਟਿਕਾਣਾ ਉਸਦਾ ਘਰ ਹੁੰਦਾ ਹੈ ਉਸੇ ਤਰ੍ਹਾਂ ਇਕ ਕਿਤਾਬ ਦਾ ਅਸਲੀ ਘਰ ਲਾਇਬ੍ਰੇਰੀ ਹੁੰਦਾ ਹੈ। ਕਿਸੇ ਘਰ ਦਾ ਵਿਛੜਿਆ ਜੀਵ ਜੇਕਰ 118 ਸਾਲ ਬਾਅਦ ਘਰ ਵਾਪਿਸ ਪਰਤ ਆਏ ਤਾਂ ਉਸ ਘਰ ਵਿਚ ਵਿਆਹ ਵਰਗਾ ਚਾਅ ਹੋ ਸਕਦਾ ਹੈ। ਇਸੀ ਤਰ੍ਹਾਂ ਦਾ ਉਤਸ਼ਾਹ ਤੇ ਚਾਅ ਇਥੇ ਇਕ ਕਿਤਾਬ ਨੂੰ 118 ਸਾਲ ਬਾਅਦ ਵਾਪਿਸ ਲਾਇਬ੍ਰੇਰੀ ਪਰਤਣ ਉਤੇ ਲਾਇਬ੍ਰੇਰੀ ਸਟਾਫ ਨੂੰ ਮਿਲਿਆ। ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਵਿਖੇ ਸਿਟੀ ਲਾਇਬ੍ਰੇਰੀ ਦੀ ਇਕ ਸ਼ਾਖਾ ਨਿਊਟਾਊਨ ਵਿਖੇ 1902 ਦੀ ਮੋਹਰ ਵਾਲੀ ਇਕ ਕਿਤਾਬ  ‘ ਦਾ ਅਰਲ ਆਫ ਡਰਬੀ’ ਬੀਤੇ ਕੱਲ੍ਹ 118 ਸਾਲ ਬਾਅਦ ਸਿਡਨੀ ਤੋਂ ਡਾਕ ਰਾਹੀਂ ਪ੍ਰਾਪਤ ਹੋਈ। ਦਰਅਸਲ ਇਹ ਕਿਤਾਬ ਕਿਸੇ ਨੇ ਇਕ ਬੁੱਕ ਸਟੋਰ ਉਤੇ ਫ੍ਰੀ ਦੇ ਵਿਚ ਦੇ ਦਿੱਤੀ ਸੀ। ਬੁੱਕ ਸਟਾਲ ਵਾਲੇ ਬੁੱਕ ਬਾਈਂਡਿੰਗ ਦਾ ਕੰਮ ਵੀ ਕਰਦੇ ਹਨ। ਉਨ੍ਹਾਂ ਨੇ ਜਦੋਂ ਇਹ ਕਿਤਾਬ ਵੇਖੀ ਤਾਂ ਸੋਚਿਆ ਕਿ ਕਿਉਂ ਨਾ ਇਹ ਕਿਤਾਬ ਨਿਊਟਾਊਨ ਲਾਇਬ੍ਰੇਰੀ ਨੂੰ ਵਾਪਿਸ ਕਰ ਦਿੱਤੀ ਜਾਵੇ।? ਸੋ ਉਨ੍ਹਾਂ ਤਾਲਾਬੰਦੀ ਹੋਣ ਦੇ ਬਾਵਜੂਦ ਇਸਨੂੰ ਪੋਸਟ ਕਰ ਦਿੱਤਾ। ਜਦੋਂ ਨਿਊਟਾਊਨ ਦੇ ਲਾਇਬ੍ਰੇਰੀਅਨ ਨੇ ਇਹ ਕਿਤਾਬ ਵੇਖੀ ਅਤੇ ਆਪਣਾ ਰਿਕਾਰਡ ਚੈਕ ਕੀਤਾ ਤਾਂ ਉਹ ਹੈਰਾਨ ਰਹਿ ਗਏ ਕਿ ਇਹ ਕਿਤਾਬ ਤਾਂ 100 ਸਾਲਾਂ ਦੇ ਵੱਧ ਸਮੇਂ ਤੋਂ ਬਹੁਤ ਸਾਲਾਂ ਤੋ ਗਾਇਬ ਚੱਲ ਰਹੀ ਹੈ। ਲੇਟ ਵਾਪਿਸ ਕਰਨ ਉਤੇ ਕਿਤਾਬ ਦਾ ਪ੍ਰਤੀ ਦਿਨ ਦਾ ਜ਼ੁਰਮਾਨਾ 1 ਪੈਨੀ ਰੱਖਿਆ ਹੋਇਆ ਸੀ। 118 ਸਾਲਾਂ ਦਾ ਹਿਸਾਬ ਕੀਤਾ ਗਿਆ ਤਾਂ ਇਹ ਰਕਮ 43000 ਤੋਂ ਵੱਧ ਪੈਨੀਆਂ ਬਣ ਗਈ ਜਾਂ ਕਹਿ ਲਈਏ 32000 ਡਾਲਰ ਜ਼ੁਰਮਾਨਾ ਹੀ ਬਣ ਗਿਆ। ਲਾਇਬ੍ਰੇਰੀ ਵੱਲੋਂ ਇਹ ਜ਼ੁਰਮਾਨਾ ਮੁਆਫ ਕਰ ਦਿੱਤਾ ਗਿਆ ਹੈ। ਇਹ ਕਿਤਾਬ ਹੁਣ ਸੱਤ ਦਿਨਾਂ ਵਾਸਤੇ ਲੋਕਾਂ ਦੇ ਵੇਖਣ ਵਾਸਤੇ ਰੱਖੀ ਜਾਵੇਗੀ, ਇਸ ਤੋਂ ਬਾਅਦ ਕਿਤਾਬ ਦੀ ਚੈਕਿੰਗ ਹੋਵੇਗੀ ਅਤੇ ਉਸਨੂੰ ਹੋਰ ਠੀਕ-ਠਾਕ ਕਰਕੇ ਹੋ ਸਕਦਾ ਹੈ ਇਸਨੂੰ ਦੁਬਾਰਾ ਪੜ੍ਹਨ ਵਾਸਤੇ ਦਿੱਤਾ ਜਾ ਸਕੇ। ਸਿਡਨੀ ਤੋਂ ਜਿਸ ਬੁੱਕ ਬਾਈਂਡਰ ਮਹਿਲਾ ਨੇ ਇਹ ਕਿਤਾਬ ਭੇਜੀ ਹੈ ਉਹ ਕਿਸੇ ਸਮੇਂ ਵਲਿੰਗਟਨ ਦੇ ਨਿਊਟਾਊਨ ਇਲਾਕੇ ਦੇ ਵਿਚ ਰਹਿ ਕੇ ਗਈ ਹੋਈ ਸੀ। ਇਸਨੇ ਆਪਣੀ ਚਿੱਠੀ ਵਿਚ ਲਿਖਿਆ ਸੀ ਇਸ ਕਿਤਾਬ ਦਾ ਕੋਈ ਵਿੱਤੀ ਮੁੱਲ ਨਹੀਂ ਹੈ। ਇਸਦੀ ਜਿਲਦੀ ਲੱਥੀ ਹੋਈ ਸੀ ਅਤੇ ਇਹ ਕੂੜੇ ਵਾਲੇ ਡੱਬੇ ਵਿਚ ਜਾਣ ਹੀ ਵਾਲੀ ਸੀ। ਪਰ ਉਸਨੇ ਸੋਚਿਆ ਕਿ ਸ਼ਾਇਦ ਲਾਈਬ੍ਰੇਰੀ ਵਾਲੇ ਖੁੱਸ਼ ਹੋ ਜਾਣਗੇ। ਨਿਊਟਾਊਨ ਲਾਇਬ੍ਰੇਰੀ ਨੇ ਇਸ ਸਬੰਧੀ ਜਦੋਂ ਟਵੀਟ ਕੀਤਾ ਜਾਂ ਰਾਸ਼ਟਰੀ ਮੀਡੀਆ ਨੇ ਇਸ ਖਬਰ ਨੂੰ ਪ੍ਰਮੁੱਖਤਾ ਨਾਲ ਛਾਪਿਆ। ਸੋ ਕਿਤਾਬਾਂ ਦੀ ਕਦਰ ਲਾਇਬ੍ਰੇਰੀ ਵਾਲਿਆਂ ਤੋਂ ਵੱਧ ਕੋਈ ਨਹੀਂ ਜਾਣ ਸਕਦਾ।


Share